Ludhiana News: ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰ ਰਹੇ ਸੂਰਤ ਸਿੰਘ ਖਾਲਸਾ ਨੂੰ ਡੀਐਮਸੀ ਹਸਪਤਾਲ ਵੱਲੋਂ ਛੁੱਟੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਕੌਮੀ ਇਨਸਾਫ਼ ਮੋਰਚੇ ਦੇ ਮੈਂਬਰ ਉਨ੍ਹਾਂ ਨੂੰ ਮੁਹਾਲੀ ਮੋਰਚਾ ਵਿੱਚ ਲਿਜਾਣਾ ਚਾਹੁੰਦੀ ਸੀ। ਇਸ ਲਈ ਹਸਪਤਾਲ ਦੇ ਡਾਕਟਰਾਂ ਨਾਲ ਗੱਲਬਾਤ ਕੀਤੀ ਗਈ ਪਰ ਸੂਰਤ ਸਿੰਘ ਖਾਲਸਾ ਨੂੰ ਲਿਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ।
ਦਰਅਸਲ ਡੀਐਮਸੀ ਹਸਪਤਾਲ ਦੇ ਬਾਹਰ ਬੁੱਧਵਾਰ ਨੂੰ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਸੀ ਜਦੋਂ ਬੰਦੀ ਸਿੱਖਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚੇ ਦੇ ਮੈਂਬਰ ਇਸ ਹਸਪਤਾਲ ਵਿੱਚ ਪਿਛਲੇ ਲੰਮੇ ਸਮੇਂ ਤੋਂ ਦਾਖ਼ਲ ਸੂਰਤ ਸਿੰਘ ਖਾਲਸਾ ਨੂੰ ਲੈਣ ਪੁੱਜੇ ਸੀ। ਡਾਕਟਰਾਂ ਵੱਲੋਂ ਸੂਰਤ ਸਿੰਘ ਖਾਲਸਾ ਨੂੰ ਛੁੱਟੀ ਨਾ ਦੇਣ ਕਾਰਨ ਕੌਮੀ ਮੋਰਚੇ ਦੇ ਮੈਂਬਰਾਂ ਨੇ ਹਸਪਤਾਲ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ।
ਦੱਸ ਦਈਏ ਕਿ ਸੂਰਤ ਸਿੰਘ ਖਾਲਸਾ 2015 ਵਿੱਚ ਬੰਦੀ ਸਿੱਖਾਂ ਦੀ ਰਿਹਾਈ ਲਈ ਭੁੱਖ ਹੜਤਾਲ ’ਤੇ ਸਨ। ਪਿਛਲੇ ਦਿਨੀਂ ਹੀ ਉਨ੍ਹਾਂ ਨੇ ਆਪਣੀ ਭੁੱਖ ਹੜਤਾਲ ਖ਼ਤਮ ਕੀਤੀ ਸੀ। ਮੁਹਾਲੀ ਵਿੱਚ ਪਿਛਲੇ ਕਾਫ਼ੀ ਸਮੇਂ ਤੋਂ ਬੰਦੀ ਸਿੱਖਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚਾ ਚੱਲ ਰਿਹਾ ਹੈ। ਮੁਹਾਲੀ ਮੋਰਚੇ ’ਚ ਲਿਜਾਣ ਲਈ ਉਥੋਂ ਕਮੇਟੀ ਦੇ ਪੰਜ ਮੈਂਬਰ ਬੁੱਧਵਾਰ ਨੂੰ ਸੂਰਤ ਸਿੰਘ ਖਾਲਸਾ ਨੂੰ ਲੈਣ ਲਈ ਇੱਥੇ ਪੁੱਜੇ ਸਨ। ਇਸ ਦੌਰਾਨ ਪੁਲਿਸ ਵੱਲੋਂ ਪਹਿਲਾਂ ਹੀ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਪੁਲਿਸ ਤੇ ਡਾਕਟਰਾਂ ਨੇ ਉਨ੍ਹਾਂ ਨੂੰ ਨਾ ਜਾਣ ਦੀ ਸਲਾਹ ਦਿੱਤੀ। ਇਸ ਤੋਂ ਬਾਅਦ ਕੌਮੀ ਇਨਸਾਫ਼ ਮੋਰਚੇ ਦੇ ਮੈਂਬਰ ਚਲੇ ਗਏ।
ਕੌਮੀ ਇਨਸਾਫ਼ ਮੋਰਚੇ ਦੇ ਵੱਲੋਂ ਪੰਜ ਮੈਂਬਰ ਟੀਮ ਦੇ ਮੈਂਬਰਾਂ ਨੇ ਦੱਸਿਆ ਕਿ ਸੂਰਤ ਸਿੰਘ ਖਾਲਸਾ ਨੇ ਇਸ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ। ਸਰਕਾਰ ਦੇ ਨਾਲ ਉਹ ਪਿਛਲੇ ਕਾਫ਼ੀ ਸਮੇਂ ਤੋਂ ਲੜਾਈ ਲੜ ਰਹੇ ਹਨ। ਹੁਣ ਮੋਰਚਾ ਮੁਹਾਲੀ ਵਿੱਚ ਲੱਗਿਆ ਹੋਇਆ ਹੈ। ਇਸ ਲਈ ਮੋਰਚੇ ਦੀ ਕਮੇਟੀ ਦਾ ਕਹਿਣਾ ਸੀ ਕਿ ਸੂਰਤ ਸਿੰਘ ਖਾਲਸਾ ਨੂੰ ਇੱਥੇ ਲਿਆਉਣਾ ਸਹੀ ਹੈ।
ਕੌਮੀ ਇਨਸਾਫ਼ ਮੋਰਚੇ ਦੇ ਮੈਂਬਰਾਂ ਦੇ ਆਉਣ ਦੀ ਸੂਚਨਾ ਮਿਲਦੇ ਹੀ ਪੁਲੀਸ ਨੇ ਡੀਐਮਸੀ ਹਸਪਤਾਲ ਦੇ ਬਾਹਰ ਸੁਰੱਖਿਆ ਦੇ ਸਖਤ ਪ੍ਰਬੰਧ ਕਰ ਦਿੱਤੇ ਤਾਂ ਕਿ ਕੋਈ ਅਣਹੋਣੀ ਨਾ ਹੋਵੇ। ਕਮੇਟੀ ਮੈਂਬਰਾਂ ਨੇ ਕਿਹਾ ਕਿ ਉਹ ਸਿਰਫ਼ ਪੰਜ ਮੈਂਬਰ ਹੀ ਅੰਦਰ ਜਾਣਗੇ ਤਾਂ ਕਿ ਕਿਸੇ ਵੀ ਮਰੀਜ਼ ਅਤੇ ਹੋਰ ਲੋਕਾਂ ਨੂੰ ਪ੍ਰੇਸ਼ਾਨੀ ਨਾ ਹੋਵੇ। ਇਸ ਤੋਂ ਬਾਅਦ ਗੁਰਦੀਪ ਸਿੰਘ ਬਠਿੰਡਾ, ਪਾਲ ਸਿੰਘ ਫਰਾਂਸ, ਤਰੁਣ ਜੈਨ ਬਾਵਾ ਤੇ ਵਕੀਲ ਵਰਿੰਦਰ ਸਿੰਘ ਖਰਾ ਅੰਦਰ ਅਧਿਕਾਰੀਆਂ ਨਾਲ ਗਏ। ਗੱਲਬਾਤ ਮਗਰੋਂ ਸੂਰਤ ਸਿੰਘ ਖਾਲਸਾ ਨੂੰ ਲਿਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ।