Amritsar News : ਅੱਜ ਹੋਈ ਘਟਨਾ ਮਗਰੋਂ ਪੈਦਾ ਹੋਏ ਹਲਾਤਾਂ ਉਤੇ ਵਿਚਾਰ ਕਰਨ ਲਈ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਦੀਆਂ ਹਿਦਾਇਤਾਂ ਉਤੇ ਬੁਲਾਈ ਗਈ ਜ਼ਿਲ੍ਹਾ ਅਮਨ ਕਮੇਟੀ ਦੀ ਮੀਟਿੰਗ, ਜਿਸ ਦੀ ਪ੍ਰਧਾਨਗੀ ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਸਿੰਘ ਨੇ ਕੀਤੀ, ਵਿੱਚ ਹਾਜ਼ਰ ਸਾਰੇ ਧਾਰਮਿਕ ਪ੍ਰਤੀਨਿਧੀਆਂ ਨੇ ਪੰਜਾਬ ਵਾਸੀਆਂ ਨੂੰ ਸਾਂਤੀ ਬਣਾਈ ਰੱਖਣ ਦੀ ਅਪੀਲ ਕਰਦੇ ਕਿਹਾ ਕਿ ਪੁਲਿਸ ਇਸ ਘਟਨਾ ਦੇ ਦੋਸ਼ੀ ਨੂੰ ਗਿਰਫ਼ਤਾਰ ਕਰ ਚੁੱਕੀ ਹੈ ਅਤੇ ਸਾਰੀ ਗੱਲ ਪਾਣੀ ਵਾਂਗ ਸਾਫ ਹੋ ਜਾਣੀ ਹੈ।  

 

ਉਨ੍ਹਾਂ ਘਟਨਾ ਉਤੇ ਦੁੱਖ ਪ੍ਰਗਟ ਕਰਦੇ ਕਿਹਾ ਕਿ ਪੰਜਾਬ ਦੇ ਭਾਈਚਾਰੇ ਨੂੰ ਕਮਜ਼ੋਰ ਕਰਨ ਲਈ ਕੁੱਝ ਲੋਕ ਗਲਤ ਬਿਆਨਬਾਜ਼ੀ ਅਤੇ ਕੋਝੀਆਂ ਹਰਕਤਾਂ ਕਰ ਰਹੇ ਹਨ, ਜਿਨ੍ਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਪੁਲਿਸ ਨੂੰ ਵੀ ਅਪੀਲ ਕੀਤੀ ਕਿ ਉਹ ਅਜਿਹੇ ਅਨਸਰਾਂ, ਜੋ ਕਿ ਕਿਸੇ ਵੀ ਧਰਮ ਵਿਰੁੱਧ ਗਲਤ ਬਿਆਨਬਾਜ਼ੀ ਕਰ ਰਹੇ ਹਨ, ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। 

 


 

ਦੁਰਗਿਆਣਾ ਮੰਦਰ ਕਮੇਟੀ ਦੇ ਪ੍ਧਾਨ ਬੀਬੀ ਲਕਸ਼ਮੀ ਕਾਂਤਾ ਚਾਵਲਾ ਨੇ ਕਿਹਾ ਕਿ ਸਾਡਾ ਭਾਈਚਾਰਾ ਬਹੁਤ ਮਜ਼ਬੂਤ ਹੈ ਅਤੇ ਇਸ ਗੱਲ ਦੀ ਖਾਰ ਸਾਡੇ ਦੁਸ਼ਮਣ ਖਾਂਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਮੌਕੇ ਦਾ ਲਾਹਾ ਲੈਣ ਦੀ ਕੋਸ਼ਿਸ਼ ਕਈ ਲੋਕ ਕਰਨਗੇ, ਜਿਨ੍ਹਾਂ ਨੂੰ ਪਛਾਣਨ ਦੀ ਲੋੜ ਹੈ। ਇਸ ਮੌਕੇ ਰਵਿੰਦਰ ਹੰਸ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਫਾਦਰ ਸਟੀਫਨ, ਫਾਦਰ ਹੇਮੰਤ ਬਿਗਲ, ਪਦਮ ਐਥਨੀ ਪੰਜਾਬ ਪ੍ਧਾਨ ਆਪ, ਡਾਕਟਰ ਰਾਕੇਸ਼ ਕੁੰਦਰਾ ਚੇਅਰਮੈਨ ਵੱਡਾ ਹਨੂੰਮਾਨ ਮੰਦਿਰ, ਸਤਨਾਮ ਸਿੰਘ ਮਾਘਾ ਰਾਏ, ਮੌਲਾਨਾ ਸੱਯਦ ਅਹਿਮਦ, ਮਾਣਿਕ ਅਲੀ ਪ੍ਧਾਨ ਆਲ ਮੁਸਲਿਮ ਵੈਲਫੇਅਰ ਸੁਸਾਇਟੀ, ਕ੍ਰਿਸ਼ਨ ਕੁਮਾਰ ਕੁੱਕੂ ਤੋ ਇਲਾਵਾ ਵੱਖ ਵੱਖ ਧਰਮਾਂ ਦੇ ਆਗੂ ਹਾਜਰ ਸਨ। 

 

ਅੰਮ੍ਰਿਤਸਰ 'ਚ ਸ਼ਿਵ ਸੈਨਾ ਨੇਤਾ ਸੁਧੀਰ ਸੂਰੀ ਦੀ ਹੱਤਿਆ ਤੋਂ ਬਾਅਦ ਸ਼ਿਵ ਸੈਨਾ ਪੰਜਾਬ ਵੱਲੋਂ ਭਲਕੇ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਦੱਸਿਆ ਗਿਆ ਹੈ ਕਿ ਇਸ ਕਤਲ ਦੇ ਵਿਰੋਧ ਵਿੱਚ ਸ਼ਿਵ ਸੈਨਿਕਾਂ ਨੇ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਕਤਲ ਤੋਂ ਬਾਅਦ ਕਈ ਥਾਵਾਂ 'ਤੇ ਸਥਿਤੀ ਤਣਾਅਪੂਰਨ ਹੋ ਗਈ ਹੈ ਜਦਕਿ ਪੁਲਿਸ ਮਾਹੌਲ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
 
ਮਿਲੀ ਜਾਣਕਾਰੀ ਅਨੁਸਾਰ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਗੋਪਾਲ ਮੰਦਿਰ ਦੇ ਬਾਹਰ ਸ਼ਿਵ ਸੈਨਾ ਆਗੂਆਂ ਨਾਲ ਧਾਰਮਿਕ ਮੂਰਤੀਆਂ ਦੀ ਬੇਅਦਬੀ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ, ਜਿੱਥੇ ਝਗੜਾ ਹੋ ਗਿਆ। ਇਸ ਦੌਰਾਨ ਇਕ ਅਣਪਛਾਤੇ ਹਮਲਾਵਰ ਨੇ ਸੁਧੀਰ ਸੂਰੀ ’ਤੇ ਗੋਲ਼ੀਆਂ ਚਲਾ ਦਿੱਤੀਆਂ, ਜਿਸ ਕਾਰਨ ਸੁਧੀਰ ਸੁਰੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਸਨ। ਜਿਸ ਤੋਂ ਬਾਅਦ ਤੁਰੰਤ ਉਨ੍ਹਾਂ ਨੂੰ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।