Amritsar News: ਪੰਜਾਬ ਦੇ ਦੋ ਸ਼ਹਿਰਾਂ ਪਟਿਆਲਾ ਤੇ ਅੰਮ੍ਰਿਤਸਰ ਨੂੰ ਵੱਡਾ ਤੋਹਫਾ ਮਿਲਣ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਪਟਿਆਲਾ ਤੇ ਅੰਮ੍ਰਿਤਸਰ ਵਿੱਚ ਈ-ਬੱਸਾਂ ਚਲਾਈਆਂ ਜਾਣਗੀਆਂ। ਇਹ ਈ-ਬੱਸਾਂ ਪਾਇਲਟ ਪ੍ਰੋਜੈਕਟ ਦੇ ਤੌਰ 'ਤੇ ਚਲਾਈਆਂ ਜਾਣਗੀਆਂ। ਜੇਕਰ ਚੰਗੇ ਨਤੀਜੇ ਆਏ ਤਾਂ ਸਰਕਾਰ ਸਾਰੇ ਸ਼ਹਿਰਾਂ ਵਿੱਚ ਈ-ਬੱਸਾਂ ਚਲਾ ਸਕਦੀ ਹੈ।
ਸੀਐਮ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਕਿ ਦੋ ਸ਼ਹਿਰਾਂ 'ਚ ਪਾਇਲਟ ਪ੍ਰੋਜੈਕਟ ਦੇ ਤੌਰ 'ਤੇ ਈ-ਬੱਸਾਂ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ..ਪਹਿਲਾਂ ਪਟਿਆਲੇ ਤੇ ਫੇਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਲੋਕਾਂ ਦੀ ਸ਼ਹਿਰ 'ਚ ਹੁੰਦੀ ਖੱਜਲ ਖ਼ੁਆਰੀ ਖ਼ਤਮ ਕਰਨ ਲਈ ਈ-ਬੱਸਾਂ ਚਲਾਵਾਂਗੇ..
ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਵੀ ਐਲਾਨ ਕੀਤਾ ਕਿ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਰੋਜ਼ਾਨਾ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਇੱਕ ਸਮਰਪਿਤ ਫੋਰਸ ਤਿਆਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਰੋਜ਼ਾਨਾ ਤਕਰੀਬਨ ਇੱਕ ਲੱਖ ਸ਼ਰਧਾਲੂ ਆਉਂਦੇ ਹਨ ਤੇ ਉਨ੍ਹਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਵਿਸ਼ੇਸ਼ ਫੋਰਸ ਦੀ ਲੋੜ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਪੁਲਿਸ ਦੀ ਇਹ ਸਮਰਪਿਤ ਇਕਾਈ ਦੀ ਵੱਖਰੀ ਵਰਦੀ ਹੋਵੇਗੀ ਤਾਂ ਕਿ ਉਨ੍ਹਾਂ ਦੀ ਆਸਾਨੀ ਨਾਲ ਪਛਾਣ ਹੋ ਸਕੇ।
ਮੁੱਖ ਮੰਤਰੀ ਨੇ ਆਗਾਮੀ ਦਿਨਾਂ ਵਿੱਚ ਇਸ ਪਵਿੱਤਰ ਸ਼ਹਿਰ ਵਿੱਚ ਸ਼ਟਲ ਬੱਸ ਸੇਵਾ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲ ਸ਼ਹਿਰ ਵਿੱਚ ਪ੍ਰਦੂਸ਼ਣ ਦਾ ਪੱਧਰ ਘਟਾਉਣ ਵਿੱਚ ਮਦਦ ਮਿਲੇਗੀ, ਜਿਸ ਨਾਲ ਸ਼ਰਧਾਲੂਆਂ ਤੇ ਸ਼ਹਿਰ ਵਾਸੀਆਂ ਨੂੰ ਵੱਡਾ ਫਾਇਦਾ ਹੋਵੇਗਾ। ਭਗਵੰਤ ਮਾਨ ਨੇ ਕਿਹਾ ਕਿ ਅੰਮ੍ਰਿਤਸਰ ਨੂੰ ਸੈਰ-ਸਪਾਟੇ ਦੇ ਗੜ੍ਹ ਵਜੋਂ ਹੋਰ ਵਿਕਸਤ ਕਰਨ ਲਈ ਇਹ ਸਮੇਂ ਦੀ ਲੋੜ ਹੈ।
ਮੁੱਖ ਮੰਤਰੀ ਨੇ ਇਹ ਵੀ ਆਖਿਆ ਕਿ ਸੂਬਾ ਸਰਕਾਰ ਪੁਲਿਸ ਤੇ ਟਰੈਫਿਕ ਮੈਨੇਜਮੈਂਟ ਲਈ ਆਰਟੀਫਿਸ਼ਲ ਇੰਟੈਲੀਜੈਂਸ ਦੀ ਵਰਤੋਂ ਕਰਨ ਦੀ ਤਿਆਰੀ ਵਿੱਚ ਹੈ। ਉਨ੍ਹਾਂ ਕਿਹਾ ਕਿ ਇਹ ਲੋਕਾਂ ਦੀ ਭਲਾਈ ਲਈ ਪੰਜਾਬ ਪੁਲਿਸ ਦੀ ਕਾਰਜਪ੍ਰਣਾਲੀ ਨੂੰ ਵਿਗਿਆਨਿਕ ਲੀਹਾਂ ਉਤੇ ਢਾਲਣ ਵਿੱਚ ਮਦਦ ਕਰੇਗਾ। ਭਗਵੰਤ ਮਾਨ ਨੇ ਕਿਹਾ ਕਿ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਆਉਣ ਵਾਲੇ ਲੋਕਾਂ ਦੀ ਭਲਾਈ ਲਈ ਹਰੇਕ ਕਦਮ ਚੁੱਕਿਆ ਜਾਵੇਗਾ।