Amritsar News : ਪਿਛਲੇ ਕੁੱਝ ਦਿਨਾਂ ਤੋਂ ਡੇਂਗੂ ਨਾਲ ਪੀੜ੍ਹਤ ਹਰਭਜਨ ਸਿੰਘ ਈ.ਟੀ.ਓ. ਜਿਨਾਂ ਦਾ ਇਲਾਜ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਚਲ ਰਿਹਾ ਸੀ, ਪੂਰੀ ਤਰ੍ਹਾਂ ਸਿਹਤਯਾਬ ਹੋ ਗਏ ਹਨ ਅਤੇ ਉਨਾਂ ਨੂੰ ਅੱਜ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਇਸ ਮੌਕੇ ਕੈਬਨਿਟ ਮੰਤਰੀ ਨੇ ਡਾਕਟਰਾਂ ਅਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਵੀ ਡੇਂਗੂ ਦਾ ਵਧੀਆ ਇਲਾਜ ਹੋ ਰਿਹਾ ਹੈ ਅਤੇ ਡੇਂਗੂ ਦੇ ਸਾਰੇ ਟੈਸਟ ਵੀ ਮੁਫ਼ਤ ਹੁੰਦੇ ਹਨ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਡੇਂਗੂ ਵਰਗੀ ਬਿਮਾਰੀ ਤੋਂ ਬੱਚ ਕੇ ਰਹਿਣ ਅਤੇ ਸਿਹਤ ਵਿਭਾਗ ਵਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਤਾਂ ਜੋ ਡੇਂਗੂ ਤੋਂ ਬਚਿਆ ਜਾ ਸਕੇ। ਉਨਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਦੀ ਕੋਈ ਕਮੀ ਨਹੀਂ ਹੈ ਅਤੇ ਮਾਹਰ ਡਾਕਟਰ ਡੇਂਗੂ ਮਰੀਜਾਂ ਦਾ ਇਲਾਜ ਕਰ ਰਹੇ ਹਨ।

 
ਬਿਜਲੀ ਮੰਤਰੀ ਨੇ ਦੱਸਿਆ ਕਿ ਗੁਰੂ ਨਾਨਕ ਹਸਪਤਾਲ ਵਿਖੇ ਆਈ.ਸੀ.ਯੂ. ਬਿਲਡਿੰਗ ਦੇ ਥੱਲੇ 1000 ਕਿਲੋਵਾਟ ਦੇ 47 ਸਾਲ ਪੁਰਾਣੇ 2 ਬਿਜਲੀ ਟਰਾਂਸਫਾਰਮਰ ਲੱਗੇ ਹੋਏ ਸਨ, ਜਿਸ ਨਾਲ ਕਿ ਕਦੇ ਵੀ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਸੀ ਨੂੰ ਤੁਰੰਤ ਬਦਲਣ ਦੇ ਆਦੇਸ਼ ਜਾਰੀ ਕੀਤੇ ਅਤੇ ਕਿਹਾ ਕਿ 60 ਲੱਖ ਰੁਪਏ ਦੀ ਲਾਗਤ ਨਾਲ 4 ਨਵੇਂ 500 ਕਿਲੋਵਾਟ ਦੇ ਬਿਜਲੀ ਟਰਾਂਸਫਾਰਮਰ ਇਥੇ ਸਥਾਪਿਤ ਕੀਤੇ ਜਾਣਗੇ। ਬਿਜਲੀ ਮੰਤਰੀ ਨੇ ਦੱਸਿਆ ਕਿ ਕੁੱਝ ਮਹੀਨੇ ਪਹਿਲਾਂ ਇਸੇ ਹਸਪਤਾਲ ਵਿੱਚ ਬਿਜਲੀ ਦੇ 2 ਟਰਾਂਸਫਾਰਮਰਾਂ ਨੂੰ ਅੱਗ ਲੱਗ ਗਈ ਸੀ, ਪਰੰਤੂ ਕੋਈ ਜਾਨੀ ਮਾਲ ਨੁਕਸਾਨ ਹੋਣ ਤੋਂ ਬੱਚ ਗਿਆ ਸੀ,, ਜਿਸਨੂੰ ਕਿ ਤੁਰੰਤ ਰਾਤੋਂ ਰਾਤ ਦੋਨਾਂ ਟਰਾਂਸਫਾਰਮਾਂ ਨੂੰ ਬਦਲ ਦਿੱਤਾ ਗਿਆ ਸੀ। ਕੈਬਨਿਟ ਮੰਤਰੀ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਕੋਈ ਵੀ ਕਮੀ ਪੇਸ਼ੀ ਨਹੀਂ ਰਹਿਣ ਦਿੱਤੀ ਜਾਵੇਗੀ।

 
ਪ੍ਰਿੰਸੀਪਲ ਮੈਡੀਕਲ ਕਾਲਜ ਡਾ. ਵੀਨਾ ਚਤਰਥ ਨੇ ਮੰਤਰੀ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਕਿ ਡੈਂਟਲ ਕਾਲਜ ਵਿਚ ਸਥਾਪਿਤ 66ਕੇਵੀ ਸਬ ਸਟੇਸ਼ਨ ਦਾ ਲੋਡ ਵਧਾਉਣ ਦੀ ਜ਼ਰੂਰਤ ਹੈ, ਜਿਸ ਤੇ ਤੁਰੰਤ ਹੁਕਮ ਜਾਰੀ ਕਰਦਿਆਂ ਬਿਜਲੀ ਮੰਤਰੀ ਨੇ ਦੱਸਿਆ ਕਿ ਇਥੇ 20 ਐਮ.ਵੀ.ਏ. ਦਾ ਟਰਾਂਸਫਾਰਮਰ ਲੱਗਾ ਦਿੱਤਾ ਜਾਵੇਗਾ ,ਜਿਸ 'ਤੇ 2.15 ਕਰੋੜ ਰੁਪਏ ਖਰਚ ਆਉਣਗੇ ਅਤੇ 12.5 ਲੱਖ ਰੁਪਏ ਦੀ ਲਾਗਤ ਨਾਲ 66 ਕੇਵੀ ਦੇ ਨਵੇਂ 6 ਬ੍ਰੇਕਰ ਵੀ ਲਗਾਏ ਜਾਣਗੇ। ਦੱਸਣਯੋਗ ਹੈ ਕਿ ਇਸ ਮੌਕੇ ਡਾਇਰੈਕਟਰ ਵੰਡ ਪੀ.ਐਸ.ਪੀ.ਸੀ.ਐਲ. ਪਟਿਆਲਾ ਡੀ.ਪੀ.ਐਸ. ਗਰੇਵਾਲ ਉੱਚੇਚੇ ਤੌਰ 'ਤੇ ਪੁੱਜੇ ਹੋਏ ਸਨ, ਜਿਨਾਂ ਨੇ ਡਾਕਟਰਾਂ ਦੇ ਨਾਲ ਹਸਪਤਾਲ ਦਾ ਦੌਰਾ ਵੀ ਕੀਤਾ ਅਤੇ ਕਿਹਾ ਕਿ ਬਿਜਲੀ ਦੀਆਂ ਸਾਰੀਆਂ ਮੁਸ਼ਕਿਲਾਂ ਨੂੰ ਜਲਦ ਹੀ ਦੂਰ ਕਰ ਦਿੱਤਾ ਜਾਵੇਗਾ ਅਤੇ ਪੁਰਾਣੇ ਟਰਾਂਸਫਰਮਰਾਂ ਨੂੰ ਬਦਲ ਦਿੱਤਾ ਜਾਵੇਗਾ।