ਅੰਮ੍ਰਿਤਸਰ:  ਬੀਤੇ ਦਿਨ ਅੰਮ੍ਰਿਤਸਰ ਵਿਖੇ ਪ੍ਰਵਾਸੀ ਪੰਜਾਬੀਆਂ ਦੇ ਵਿਆਹ ਵਿਚ ਗੁੰਡਾਗਰਦੀ ਕਰਨ ਵਾਲੇ ਸ਼ਰਾਬ ਦੇ ਠੇਕੇਦਾਰਾਂ ਉਤੇ ਸਖਤ ਕਾਰਵਾਈ ਕਰਨ ਦੀ ਹਦਾਇਤ ਕਰਦੇ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਕਿਸੇ ਵੀ ਸ਼ਰਾਬ ਦੇ ਠੇਕੇਦਾਰ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਉਹ ਕਿਸੇ ਦੇ ਵੀ ਵਿਆਹ ਜਾਂ ਸਮਾਗਮ ਵਿਚ ਜਾ ਕੇ ਸ਼ਰਾਬ ਦੀ ਜਾਂਚ ਕਰ ਸਕੇ।


ਉਨਾਂ ਕਿਹਾ ਕਿ ਜੇਕਰ ਠੇਕੇਦਾਰ ਨੂੰ ਕੋਈ ਨਾਜਾਇਜ਼ ਸ਼ਰਾਬ ਦੀ ਸੂਹ ਹੈ ਤਾਂ ਉਹ ਐਕਸਾਈਜ਼ ਵਿਭਾਗ ਅਤੇ ਸਥਾਨਕ ਪੁਲਿਸ ਨੂੰ ਨਾਲ ਲੈ ਕੇ ਜਾਂਚ ਕਰਵਾ ਸਕਦਾ ਹੈ, ਪਰ ਉਸਦੇ ਗੁੰਡੇ ਅਜਿਹੇ ਮੌਕਿਆਂ ਉਤੇ ਲੋਕਾਂ ਦੇ ਪ੍ਰੋਗਰਾਮਾਂ ਵਿਚ ਖਲਲ ਨਹੀਂ ਪਾ ਸਕਦੇ ਅਤੇ ਨਾ ਹੀ ਅਸੀਂ ਪਾਉਣ ਦਿਆਂਗੇ। 


ਅੱਜ ਮੁੱਖ ਮੰਤਰੀ ਪੰਜਾਬ ਦੀ ਤਰਫੋਂ ਪੀੜਤ ਪਰਿਵਾਰ ਨੂੰ ਇਨਸਾਫ ਦਾ ਭਰੋਸਾ ਦੇਣ ਉਨਾਂ ਦੇ ਘਰ ਪੁੱਜੇ ਧਾਲੀਵਾਲ ਨੇ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵਿਚ ਕਿਸੇ ਨਾਲ ਬੇਇਨਸਾਫੀ ਨਹੀਂ ਹੋਵੇਗੀ ਅਤੇ ਇਸ ਮਾਮਲੇ ਵਿਚ ਵੀ ਇਨਸਾਫ ਹੋਵੇਗਾ, ਚਾਹੇ ਕਥਿਤ ਦੋਸ਼ੀ ਕਿੰਨੇ ਵੀ ਵੱਡੇ ਬਦਮਾਸ਼ ਜਾਂ ਧਨਾਢ ਕਿਉਂ ਨਾ ਹੋਣ। 


ਉਨ੍ਹਾਂ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਦੀ ਪੰਜਾਬ ਦੇ ਵਿਕਾਸ ਵਿਚ ਵੱਡੀ ਭੂਮਿਕਾ ਹੈ ਅਤੇ ਸਾਡੀ ਕੋਸ਼ਿਸ਼ ਇੰਨਾ ਨੂੰ ਮੁੜ ਆਪਣੀਆਂ ਜੜਾਂ ਨਾਲ ਜੋੜਨ ਦੀ ਹੈ, ਨਾ ਕੇ ਤੋੜਨ ਦੀ। ਉਨਾਂ ਕਿਹਾ ਕਿ ਇਹ ਗੁੰਡਾ ਤੰਤਰ ਸਾਡੇ ਤੋਂ ਪਹਿਲਾਂ ਰਾਜ ਕਰ ਰਹੀਆਂ ਪਾਰਟੀਆਂ ਦੀ ਦੇਣ ਹੈ ਅਤੇ ਉਨਾਂ ਦੀ ਸ਼ਹਿ ਉਤੇ ਪਲਿਆ ਹੈ, ਪਰ ਹੁਣ ਮਾਨ ਸਰਕਾਰ ਨੇ ਇਸ ਨੂੰ ਜੜੋਂ ਪੁੱਟਣ ਦਾ ਫੈਸਲਾ ਲਿਆ ਹੈ, ਜਿਸ ਨੂੰ ਪੁੱਟ ਕੇ ਹੀ ਸਾਹ ਲਿਆ ਜਾਵੇਗਾ। 


ਉਨ੍ਹਾਂ ਕਿਹਾ ਕਿ ਇਸ ਕੇਸ ਵਿਚ ਅਜਿਹੀ ਸਜ਼ਾ ਦੋਸ਼ੀਆਂ ਨੂੰ ਦਿੱਤੀ ਜਾਵੇਗੀ ਕਿ ਅੱਗੇ ਤੋਂ ਕੋਈ ਵੀ ਅਜਿਹੀ ਹਰਕਤ ਕਰਨ ਦਾ ਹੌਂਸਲਾ ਨਹੀਂ ਕਰੇਗਾ। ਉਨਾਂ ਦੱਸਿਆ ਕਿ ਪੁਲਿਸ ਨੇ ਇਸ ਕੇਸ ਦੀ ਜਾਂਚ ਕਰ ਰਹੇ ਨੌਜਵਾਨ ਅਧਿਕਾਰੀ ਅਭਿਮੰਨਿਊ ਰਾਣਾ, ਏ ਡੀ ਸੀ ਪੀ ਸਿਟੀ 3 ਦੀ ਅਗਵਾਈ ਹੇਠ ਕਾਰਵਾਈ ਕਰਕੇ 12 ਕਥਿਤ ਦੋਸ਼ੀਆਂ ਨੂੰ ਗਿ੍ਰਫ਼ਤਾਰ ਕਰ ਲਿਆ ਹੈ ਅਤੇ ਬਾਕੀਆਂ ਦੀ ਭਾਲ ਵਿਚ ਵੀ ਛਾਪੇ ਮਾਰੇ ਜਾ ਰਹੇ ਹਨ। ਪਰਿਵਾਰ ਨੂੰ ਧਰਾਸ ਦਿੰਦੇ ਉਨਾਂ ਸਪੱਸ਼ਟ ਕੀਤਾ ਕਿ ਜੇਕਰ ਇਸ ਕੇਸ ਵਿਚ ਕਿਸੇ ਪੁਲਿਸ ਅਧਿਕਾਰੀ ਦੀ ਸ਼ਮੂਲੀਅਤ ਵੀ ਸਾਹਮਣੇ ਆਈ ਤਾਂ ਉਸ ਉਤੇ ਵੀ ਕਾਰਵਾਈ ਹੋਵੇਗੀ। 


ਧਾਲੀਵਾਲ ਨੇ ਕਿਹਾ ਕਿ ਮੈਂ ਖ਼ੁਦ ਵਿਦੇਸ਼ੀ ਧਰਤੀ ਉਤੇ ਲੰਮਾ ਸਮਾਂ ਰਹਿ ਕੇ ਆਇਆ ਹਾਂ ਤੇ ਇਸ ਘਟਨਾ ਵਿਚ ਜੋ ਦੁੱਖ ਉਨਾਂ ਨੂੰ ਲੱਗਾ ਹੈ ਉਸ ਨੂੰ ਮੈਂ ਨੇੜਿਉਂ ਮਹਿਸੂਸ ਕਰਦਾ ਹਾਂ। ਉਨਾਂ ਕਿਹਾ ਕਿ ਇਸ ਘਟਨਾ ਦਾ ਪਤਾ ਲੱਗਦੇ ਮੈਂ ਪਹਿਲਾਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਫੋਨ ਕੀਤਾ ਅਤੇ ਫਿਰ ਡੀ ਜੀ ਪੀ ਪੰਜਾਬ ਨਾਲ ਗੱਲ ਕੀਤੀ। ਜਿੰਨ੍ਹਾਂ ਨੇ ਏ ਡੀ ਜੀ ਪੀ ਅਰਪਿਤ ਸ਼ੁਕਲਾ ਨੂੰ ਜਾਂਚ ਦੇ ਆਦੇਸ਼ ਦਿੱਤੇ। ਉਨਾਂ ਦੱਸਿਆ ਕਿ ਕੱਲ ਮੈਂ ਆਬਕਾਰੀ ਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਵੀ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਕੀਤੀਆਂ ਜਾਂਦੀਆਂ ਇੰਨਾ ਵਧੀਕੀਆਂ ਬਾਰੇ ਗੱਲ ਕੀਤੀ ਹੈ ਅਤੇ ਹੁਣ ਇਹ ਗੁੰਡਾਗਰਦੀ ਅਸੀਂ ਚੱਲਣ ਨਹੀਂ ਦਿਆਂਗੇ।