ਪੰਜਾਬ ਦੇ ਅੰਮ੍ਰਿਤਸਰ ਵਿੱਚ ਕਾਂਗਰਸ ਨੇਤਾਵਾਂ ਵੱਲੋਂ ਜਸ਼ਨ ਮਨਾਉਣ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵਾਇਰਲ ਵੀਡੀਓ ਨਾਲ ਰਾਜਨੀਤਕ ਗਲਿਆਰਿਆਂ ਵਿੱਚ ਹਲਚਲ ਮਚ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਅੰਮ੍ਰਿਤਸਰ ਕਾਂਗਰਸ ਦੇ ਨਵਨਿਯੁਕਤ ਜ਼ਿਲ੍ਹਾ ਪ੍ਰਧਾਨ ਸੌਰਵ ਮਦਾਨ ਮਿੱਠੂ ਅਤੇ ਪੰਜਾਬ ਦੀ ਹੀ ਇੱਕ ਕਾਂਗਰਸ ਮਹਿਲਾ ਨੇਤਾ ਦੀ ਹੈ, ਜਿਸ ਵਿੱਚ ਉਹ ਹੁੱਕਾ ਪੀਂਦੇ ਹੋਏ ਜਸ਼ਨ ਮਨਾਉਂਦੇ ਨਜ਼ਰ ਆ ਰਹੇ ਹਨ।
ਧੂੰਏਂ ਦੇ ਗੁੱਬਾਰ ਅਤੇ ਛੱਲੇ ਉਡਾਉਂਦੇ ਆਏ ਨਜ਼ਰ
ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਵੀਡੀਓ ਉਨ੍ਹਾਂ ਨੂੰ ਹਾਲ ਹੀ ਵਿੱਚ ਮਿਲੇ ਅਹੁਦਿਆਂ ਤੋਂ ਬਾਅਦ ਦੀ ਹੈ। ਵੀਡੀਓ ਵਿੱਚ ਬਾਲੀਵੁੱਡ ਫ਼ਿਲਮ ਖਿਡਾਰੀ 786 ਦੇ ਹਿੱਟ ਗੀਤ “ਤੇਰਾ ਪਿਆਰ ਪਿਆਰ, ਹੁੱਕਾ ਬਾਰ” ‘ਤੇ ਇਹ ਨੇਤਾ ਖੁੱਲ੍ਹ ਕੇ ਥਿਰਕਦੇ ਨਜ਼ਰ ਆ ਰਹੇ ਹਨ। ਨਾਲ ਹੀ ਹੁੱਕੇ ਦੇ ਪਾਈਪ ਰਾਹੀਂ ਧੂੰਏਂ ਦੇ ਗੁੱਬਾਰ ਅਤੇ ਛੱਲੇ ਉਡਾਉਂਦੇ ਵੀ ਦਿਖਾਈ ਦੇ ਰਹੇ ਹਨ। ਹਲਾਂਕਿ ਏਬੀਪੀ ਸਾਂਝਾ ਇਸ ਵਾਇਰਲ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ।
ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕਾਂਗਰਸ ਹਾਈਕਮਾਨ ਤੋਂ ਦੋਵੇਂ ਨੇਤਾਵਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਹੈ। ਜਾਰੀ ਕੀਤੇ ਗਏ ਸੰਦੇਸ਼ ਵਿੱਚ ਕਿਹਾ ਗਿਆ ਹੈ ਕਿ ਇਹ ਘਟਨਾ ਸਿੱਖਾਂ ਦੇ ਪਵਿੱਤਰ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਗਰਿਮਾ ਦੇ ਖ਼ਿਲਾਫ਼ ਹੈ ਅਤੇ ਕਾਂਗਰਸ ਪਾਰਟੀ ਦੀ ਮਰਿਆਦਾ ਨੂੰ ਠੇਸ ਪਹੁੰਚਾਉਂਦੀ ਹੈ।
ਕਾਂਗਰਸ ਨੇਤਾ ਨੇ ਇਸ ਵੀਡੀਓ ਨੂੰ AI ਦੱਸਿਆ ਹੈ
ਉੱਥੇ ਹੀ ਕਾਂਗਰਸ ਨੇਤਾ ਸੌਰਵ ਮਦਾਨ ਨੇ ਇਸ ਵੀਡੀਓ ਨੂੰ ਏਆਈ ਨਾਲ ਤਿਆਰ ਕੀਤਾ ਹੋਇਆ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਨੇ ਵੀ ਇਹ ਹਰਕਤ ਕੀਤੀ ਹੈ, ਉਸ ਖ਼ਿਲਾਫ਼ ਉਹ FIR ਦਰਜ ਕਰਵਾਉਣਗੇ।
ਹਾਲ ਹੀ ਵਿੱਚ ਸੌਰਵ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ
ਵੀਡੀਓ ਵਿੱਚ ਨਜ਼ਰ ਆ ਰਹੇ ਸੌਰਵ ਮਦਾਨ ਮਿੱਠੂ ਨੂੰ ਹਾਲ ਹੀ ਵਿੱਚ ਕਾਂਗਰਸ ਪਾਰਟੀ ਵੱਲੋਂ ਅੰਮ੍ਰਿਤਸਰ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸਦੇ ਨਾਲ ਹੀ ਮਹਿਲਾ ਕਾਂਗਰਸ ਵਿੱਚ ਵੀ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਵੀਡੀਓ ਵਿੱਚ ਅਹੁਦਾ ਮਿਲਣ ਤੋਂ ਬਾਅਦ ਹੁੱਕਾ ਬਾਰ ਵਿੱਚ ਧੂੰਆ ਉਡਾ ਕੇ ਜਸ਼ਨ ਮਨਾਉਣ ਨੂੰ ਲੈ ਕੇ ਪਾਰਟੀ ਦੇ ਅੰਦਰ ਅਤੇ ਬਾਹਰ ਦੋਵਾਂ ਪਾਸਿਆਂ ਸਵਾਲ ਖੜੇ ਹੋ ਰਹੇ ਹਨ।
ਸੋਸ਼ਲ ਮੀਡੀਆ ‘ਤੇ ਵੀ ਲੋਕ ਵੱਖ-ਵੱਖ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਹਨ। ਇੱਕ ਯੂਜ਼ਰ ਨੇ ਤਾਂ ਇਸਨੂੰ ਪਵਿੱਤਰ ਸ਼ਹਿਰ ਅੰਮ੍ਰਿਤਸਰ ਦੀ ਗਰਿਮਾ ਦੇ ਖ਼ਿਲਾਫ਼ ਦੱਸਿਆ ਹੈ।
ਇਹ ਪਰਿਵਾਰਕ ਪਾਰਟੀ ਦੀ ਪੁਰਾਣੀ ਵੀਡੀਓ ਹੈ
ਇਸ ਮਾਮਲੇ ‘ਚ ਸੌਰਵ ਮਦਾਨ ਮਿੱਠੂ ਨੇ ਕਿਹਾ ਹੈ ਕਿ ਜੋ ਵੀਡੀਓ ਵਾਇਰਲ ਹੋਈ ਹੈ, ਉਹ ਕਾਫ਼ੀ ਪੁਰਾਣੀ ਹੈ ਅਤੇ ਇੱਕ ਪਰਿਵਾਰਕ ਪਾਰਟੀ ਦੀ ਵੀਡੀਓ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਹੁਣ ਇਸਨੂੰ ਏਆਈ ਰਾਹੀਂ ਤਿਆਰ ਕਰ ਕੇ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ, ਜਿਸ ਵਿੱਚ ਉਨ੍ਹਾਂ ਨੂੰ ਵੀ ਜੋੜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਵੀਡੀਓ ਪਹਿਲਾਂ ਤੋਂ ਹੀ ਪੁਰਾਣੀ ਹੈ, ਹਾਲਾਂਕਿ ਇਸ ਮਾਮਲੇ ‘ਤੇ ਉਨ੍ਹਾਂ ਨੇ ਹੋਰ ਕੋਈ ਵਿਸਥਾਰ ਨਾਲ ਟਿੱਪਣੀ ਨਹੀਂ ਕੀਤੀ।
ਕੁਝ ਲੋਕਾਂ ਨੂੰ ਮੇਰਾ ਪ੍ਰਧਾਨ ਬਣਨਾ ਪਚ ਨਹੀਂ ਰਿਹਾ
ਇਸ ਤੋਂ ਅੱਗੇ ਸੌਰਵ ਮਦਾਨ ਨੇ ਕਿਹਾ ਕਿ ਜੋ ਵੀ ਆਰੋਪ ਲਗਾਏ ਜਾ ਰਹੇ ਹਨ, ਉਹ ਸਾਰੇ ਝੂਠੇ ਹਨ। ਕੁਝ ਲੋਕਾਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ਉਹ ਕਿਵੇਂ ਜ਼ਿਲ੍ਹਾ ਪ੍ਰਧਾਨ ਬਣ ਗਏ ਹਨ। ਜਿਸ ਕਿਸੇ ਨੇ ਵੀ ਇਹ ਵੀਡੀਓ ਬਣਾਈ ਜਾਂ ਪੋਸਟ ਕੀਤੀ ਹੈ, ਉਸ ਖ਼ਿਲਾਫ਼ ਕਾਰਵਾਈ ਲਈ ਉਹ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣਗੇ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਛਵੀ ਖ਼ਰਾਬ ਕਰਨ ਦੀ ਕੋਸ਼ਿਸ਼ ਹੈ।