Punjabi Boy dies in Australia: ਆਸਟ੍ਰੇਲੀਆ ਤੋਂ ਬੇਹੱਦ ਦੀ ਦੁਖਦਾਇਕ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਗੱਗੋਮਾਹਲ ਦੇ ਅਵਿੰਦਰ ਸਿੰਘ ਦੀ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਖੇ ਇੱਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਪੂਰੇ ਪਿੰਡ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਪਰਿਵਾਰ ਅਤੇ ਰਿਸ਼ਤੇਦਾਰ ਦਾ ਰੋ-ਰੋ ਬੁਰਾ ਹਾਲ ਹੋਇਆ ਪਿਆ ਹੈ। ਉਥੇ ਹੀ ਸਰਕਾਰ ਕੋਲੋਂ ਆਪਣੇ ਨੌਜਵਾਨ ਪੁੱਤ ਅਰਵਿੰਦਰ ਸਿੰਘ ਦੀ ਲਾਸ਼ ਨੂੰ ਭਾਰਤ ਲਿਆਉਣ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਜੋ ਪੰਜਾਬ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਜਾ ਸਕੇ।



7 ਸਾਲਾਂ ਬਾਅਦ ਇਸੇ ਸਾਲ ਅਵਰਿੰਦਰ ਆਪਣੇ ਪਰਿਵਾਰ ਦੇ ਨਾਲ ਪੰਜਾਬ ਗੇੜਾ ਮਾਰਨ ਆਇਆ ਸੀ


ਇਸ ਸੰਬੰਧੀ ਮ੍ਰਿਤਕ ਅਵਰਿੰਦਰ ਸਿੰਘ (31) ਦੇ ਪਿਤਾ ਨਿਰਮਲ ਸਿੰਘ ਅਤੇ ਹੋਰਨਾਂ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਅਵਰਿੰਦਰ ਦਾ 2015 ਵਿੱਚ ਵਿਆਹ ਹੋਇਆ ਸੀ ਅਤੇ 2016 ਵਿੱਚ ਉਹ ਆਪਣੀ ਪਤਨੀ ਨਾਲ ਆਸਟ੍ਰੇਲੀਆ ਦੇ ਸ਼ਹਿਰ ਮੈਲਬਰਨ ਚਲਾ ਗਿਆ ਸੀ।  ਇਸ ਤੋਂ ਬਾਅਦ 7 ਸਾਲ ਬਾਅਦ ਉਹ 20 ਫਰਵਰੀ 2024 ਨੂੰ ਆਪਣੇ ਘਰ ਪਰਤਿਆ ਅਤੇ 28 ਅਪ੍ਰੈਲ 2024 ਨੂੰ ਪਰਿਵਾਰ ਸਮੇਤ ਮੈਲਬਰਨ ਵਾਪਸ ਚਲਾ ਗਿਆ।  


ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਪੁੱਤ ਦੀ ਲਾਸ਼ ਭਾਰਤ ਲਿਆਉਣ ਲਈ ਸਰਕਾਰ ਮਦਦ ਕਰੇ


ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਾ ਕਿ ਅਮਰਿੰਦਰ ਸਿੰਘ ਟਰੱਕ ਲੈ ਕੇ ਸਿਡਨੀ ਗਿਆ ਸੀ, ਜਿੱਥੇ ਟਰੱਕ ਦੀ ਤਰਪਾਲ ਦੀ ਮੁਰੰਮਤ ਕਰਦੇ ਸਮੇਂ ਉਹ ਟਰੱਕ ਤੋਂ ਹੇਠਾਂ ਡਿੱਗ ਗਿਆ ਅਤੇ ਉਸ ਦਾ ਸਿਰ ਜ਼ਮੀਨ 'ਤੇ ਜਾ ਵੱਜਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਅਵਰਿੰਦਰ ਉਸ ਦਾ ਇਕਲੌਤਾ ਪੁੱਤਰ ਸੀ ਅਤੇ ਉਹ ਆਪਣੇ ਪਿੱਛੇ 6 ਸਾਲ ਅਤੇ 6 ਮਹੀਨੇ ਦੀਆਂ ਦੋ ਧੀਆਂ ਅਤੇ ਪਤਨੀ ਛੱਡ ਗਿਆ ਹੈ। ਅਵਰਿੰਦਰ ਦੀ ਮਾਂ ਅਮਰਜੀਤ ਕੌਰ ਦਾ ਰੋ-ਰੋ ਬੁਰਾ ਹਾਲ ਹੋਇਆ ਪਿਆ ਹੈ। ਅਮਰਜੀਤ ਕੌਰ ਨੇ ਦੱਸਿਆ ਕਿ 7 ਸਾਲ ਬਾਅਦ ਉਸ ਦਾ ਲੜਕਾ ਆਪਣੇ ਬੱਚਿਆਂ ਅਤੇ ਪਤਨੀ ਨਾਲ ਪੰਜਾਬ ਆਪਣੇ ਪਿੰਡ ਉਨ੍ਹਾਂ ਨੂੰ ਮਿਲਣ ਆਇਆ ਸੀ। ਪੰਜਾਬ ਆ ਕੇ ਉਹ ਆਪਣੇ ਖੇਤਾਂ ਵਿੱਚ ਕੰਮ ਕਰਦਾ ਰਿਹਾ ਅਤੇ ਉਨ੍ਹਾਂ ਲਈ ਨਵਾਂ ਟਰੈਕਟਰ ਵੀ ਲੈ ਕੇ ਆਇਆ ਸੀ। ਪੁੱਤਰ ਨੇ ਮਾਪਿਆਂ ਨੂੰ ਦੱਸਿਆ ਸੀ ਕਿ ਉਹ ਜਲਦ ਹੀ ਆਸਟ੍ਰੇਲੀਆ ਦੀ PR ਹੋ ਜਾਵੇਗਾ ਅਤੇ ਫਿਰ ਦਸੰਬਰ ਤੱਕ ਮੁੜ ਆਪਣੇ ਘਰ ਪਰਤਣਗੇ ਅਤੇ ਉਨ੍ਹਾਂ ਨਾਲ ਮੁਲਾਕਾਤ ਕਰਨਗੇ ਅਤੇ ਗੁਰੂ ਘਰ ਜਾ ਕੇ ਸ਼ੁਕਰਾਨਾ ਕਰਨਗੇ। ਅਵਰਿੰਦਰ ਦੇ ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਪੁੱਤਰ ਦੀ ਦੇਹ ਭਾਰਤ ਲਿਆਉਣ ਲਈ ਉਨ੍ਹਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਉਹ ਆਪਣੇ ਇਕਲੌਤੇ ਪੁੱਤਰ ਨੂੰ ਆਖਰੀ ਵਾਰ ਆਪਣੀਆਂ ਅੱਖਾਂ ਨਾਲ ਦੇਖ ਸਕਣ।