Amritsar News: ਬੀਬੀ ਜਗੀਰ ਕੌਰ ਬਾਰੇ ਮੰਦੇ ਬੋਲ ਬੋਲਣ ਦੇ ਰੇੜਕੇ ਵਿਚਾਲੇ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਪੰਜ ਪਿਆਰਿਆਂ ਅੱਗੇ ਪੇਸ਼ ਹੋਏ। ਇਸ ਦੌਰਾਨ ਪੰਜ ਪਿਆਰਿਆਂ ਨੇ ਉਨ੍ਹਾਂ ਨੂੰ ਧਾਰਮਿਕ ਸਜ਼ਾ ਸੁਣਾਈ। ਇਸ ਤੋਂ ਬਾਅਦ ਧਾਮੀ ਨੇ ਅੱਜ ਹੀ ਬਰਤਨ ਸਾਫ ਕਰਕੇ ਤੇ ਜੋੜਾ ਘਰ ਵਿੱਚ ਜੁੱਤੀਆਂ ਸਾਫ਼ ਕਰਕੇ ਇਹ ਧਾਰਮਿਕ ਸਜ਼ਾ ਪੂਰੀ ਕੀਤੀ। ਇਸ ਦੌਰਾਨ ਧਾਮੀ ਮੀਡੀਆ ਸਾਹਮਣੇ ਆਉਣ ਤੋਂ ਕਤਰਾਉਂਦੇ ਰਹੇ।
ਹਾਸਲ ਜਾਣਕਾਰੀ ਮੁਤਾਬਕ ਹਰਜਿੰਦਰ ਸਿੰਘ ਧਾਮੀ ਨੂੰ ਪੰਜ ਪਿਆਰਿਆਂ ਵੱਲੋਂ ਜੋੜੇ ਸਾਫ਼ ਕਰਨ ਦੀ ਸੇਵਾ, ਜੂਠੇ ਭਾਂਡੇ ਮਾਂਜਣ ਦੀ ਸੇਵਾ ਤੇ ਸੇਵਾ ਕਰਦੇ ਸਮੇਂ ਜਪਜੀ ਸਾਹਿਬ ਦਾ ਪਾਠ ਕਰਨ ਦੀ ਧਾਰਮਿਕ ਸਜ਼ਾ ਸੁਣਾਈ ਗਈ। ਧਾਮੀ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਵੀ ਬੰਦ ਕਮਰਾ ਗੱਲਬਾਤ ਕੀਤੀ ਸੀ, ਪਰ ਇਸ ਸਬੰਧੀ ਮੀਡੀਆ ਨੂੰ ਕੋਈ ਵੀ ਬਿਆਨ ਨਹੀਂ ਦਿੱਤਾ।
ਦਰਅਸਲ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅੱਜ ਸਾਬਕਾ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਬਾਰੇ ਮੰਦੇ ਸ਼ਬਦ ਬੋਲਣ ਸਬੰਧੀ ਪੰਜ ਪਿਆਰਿਆਂ ਅੱਗੇ ਪੇਸ਼ ਹੋਏ। ਪੰਜ ਪਿਆਰਿਆਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਇੱਕ ਦਿਨ ਲਈ ਜੋੜੇ ਤੇ ਬਰਤਨ ਸਾਫ਼ ਕਰਨ ਦੀ ਸਜ਼ਾ ਸੁਣਾਈ। ਧਾਮੀ ਨੇ ਅੱਜ ਹੀ ਇਹ ਸਜ਼ਾ ਪੂਰੀ ਕਰ ਲਈ। ਮੀਡੀਆ ਤੋਂ ਖਹਿੜਾ ਛੁਡਾਉਂਦੇ ਧਾਮੀ ਨੇ ਕਿਹਾ ਕਿ ਉਹ ਪੇਸ਼ ਨਹੀਂ ਹੋਏ ਸਗੋਂ ਰੁਟੀਨ ਵਿੱਚ ਹੀ ਮਿਲਣ ਆਏ ਹਨ।
ਦੱਸ ਦਈਏ ਕਿ ਫੋਨ ਉਪਰ ਗੱਲ ਕਰਦਿਆਂ ਹਰਜਿੰਦਰ ਸਿੰਘ ਧਾਮੀ ਨੇ ਬੀਬੀ ਜਗੀਰ ਕੌਰ ਨੂੰ ਅਪਸ਼ਬਦ ਬੋਲੇ ਸੀ। ਇਹ ਆਡੀਓ ਵਾਇਰਲ ਹੋਣ ਮਗਰੋਂ ਮਾਮਲਾ ਮਹਿਲਾ ਕਮਿਸ਼ਨ ਕੋਲ ਪਹੁੰਚ ਗਿਆ ਸੀ। ਮਹਿਲਾ ਕਮਿਸ਼ਨ ਨੇ ਧਾਮੀ ਨੂੰ ਤਲਬ ਕੀਤਾ ਸੀ। ਧਾਮੀ ਨੇ ਮਹਿਲਾ ਕਮਿਸ਼ਨ ਕੋਲ ਪੇਸ਼ ਹੋ ਕੇ ਮਾਫੀ ਮੰਗ ਲਈ ਸੀ। ਇਸ ਦੇ ਨਾਲ ਹੀ ਧਾਮੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮਾਫੀਨਾਮਾ ਵੀ ਲਿਖ ਕੇ ਦਿੱਤਾ ਸੀ ਤੇ ਇਹ ਵੀ ਕਿਹਾ ਸੀ ਕਿ ਜੋ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਹੋਵੇਗਾ, ਉਸ ਨੂੰ ਉਹ ਖਿੜੇ ਮੱਥੇ ਪ੍ਰਵਾਨ ਕਰਨਗੇ।