Amritsar News: ਗੁਰੂ ਨਗਰੀ ਅੰਮ੍ਰਿਤਸਰ ਵਿੱਚ ਆਪਸੀ ਰੰਜਿਸ਼ ਨੂੰ ਲੈ ਕੇ ਝਗੜਾ ਹੋਇਆ ਹੈ। ਇਸ ਦੌਰਾਨ ਗੋਲੀਆਂ ਵੀ ਚੱਲੀਆਂ ਹਨ। ਇਸ ਝਗੜੇ ਵਿੱਚ ਆਮ ਆਦਮੀ ਪਾਰਟੀ ਦਾ ਵਲੰਟੀਅਰ ਗੁਰਪ੍ਰੀਤ ਮੁਹਾਵਾ ਜ਼ਖ਼ਮੀ ਹੋਇਆ ਹੈ। ਉਂਝ ਗੁਰਪ੍ਰੀਤ ਮੁਹਾਵਾ ਨੂੰ ਗੋਲੀ ਨਹੀਂ ਲੱਗੀ ਬਲਕਿ ਬੇਸਬਾਲ ਤੇ ਹਾਕੀਆਂ ਤੇ ਕਿਰਪਾਨਾਂ ਨਾਲ ਜ਼ਖ਼ਮੀ ਕੀਤਾ ਗਿਆ ਹੈ। ਗੁਰਪ੍ਰੀਤ ਮੁਹਾਵਾ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।

ਉਧਰ, ਪਰਿਵਾਰ ਨੇ ਇਲਜ਼ਾਮ ਲਾਇਆ ਹੈ ਕਿ ਇਹ ਹਮਲਾ ਅਟਾਰੀ ਦੇ ਵਿਧਾਇਕ ਵੱਲੋਂ ਕਰਵਾਇਆ ਗਿਆ ਹੈ। ਪੀੜਤ ਗੁਰਪ੍ਰੀਤ ਮੁਹਾਵਾ ਨੇ ਕਿਹਾ ਹੈ ਕਿ ਜਾਨੋਂ ਮਾਰ ਦੇਣ ਦੀ ਨੀਅਤ ਨਾਲ 4 ਤੋਂ 5 ਫਾਇਰ ਕੀਤੇ ਸੀ। ਉਸ ਨੇ ਕਿਹਾ ਕਿ ਦੇ ਫਾਇਰ ਧੌਣ ਉੱਤੇ ਰੱਖ ਕੀਤੇ ਪਰ ਮਿਸ ਹੋ ਗਏ।

ਹਾਸਲ ਜਾਣਕਾਰੀ ਮੁਤਾਬਕ ਅਟਾਰੀ ਹਲਕੇ ਦੇ ਪਿੰਡ ਮੁਹਾਵਾ ਵਿੱਚ ਬੀਤੀ ਰਾਤ ਗੁਰਪ੍ਰੀਤ ਮੁਹਾਵਾ ਤੇ ਮਲਕੀਅਤ ਸਿੰਘ ਅਟਾਰੀ ਤੋਂ ਆਪਣੇ ਪਿੰਡ ਮੁਹਾਵਾ ਜਾ ਰਹੇ ਸੀ ਤਾਂ ਉਸ ਵਕਤ ਦੋ ਗੱਡੀਆਂ ਵਿੱਚ ਕਰੀਬ 8 ਤੋਂ 10 ਅਣਪਛਾਤੇ ਵਿਅਕਤੀ ਆਪਣੇ ਮੂੰਹ ਢੱਕ ਕੇ ਆਏ। ਗੁਰਪ੍ਰੀਤ ਸਿੰਘ ਅਨੁਸਾਰ ਉਨ੍ਹਾਂ ਨੇ ਪਹਿਲਾਂ ਇੱਕ ਗੱਡੀ ਨਾਲ ਉਸ ਦੀ ਗੱਡੀ ਨੂੰ ਰੋਕਿਆ ਤੇ ਇੱਕ ਗੱਡੀ ਪਿੱਛੇ ਲਾ ਦਿੱਤੀ ਤੇ ਗੱਡੀ ਉੱਤੇ ਹਮਲਾ ਕਰ ਦਿੱਤਾ। 

ਪੀੜਤ ਅਨੁਸਾਰ ਉਨ੍ਹਾਂ ਵੱਲੋਂ ਗੁਰਲਾਲ ਸਿੰਘ ਤੇ ਸਕੱਤਰ ਸਿੰਘ ਦਾ ਨਾਂ ਵਾਰ-ਵਾਰ ਲਿਆ ਜਾ ਰਿਹਾ ਸੀ ਤੇ ਕਿਹਾ ਜਾ ਰਿਹਾ ਸੀ ਕਿ ਹੁਣ ਪੰਗਾ ਲੈ ਕੇ ਦਿਖਾ ਸਕੱਤਰ ਸਿੰਘ ਤੇ ਗੁਰਲਾਲ ਸਿੰਘ ਨਾਲ। ਪਰਿਵਾਰਕ ਮੈਬਰਾਂ ਦਾ ਕਹਿਣਾ ਹੈ ਕਿ ਇਹ ਸਾਰੀ ਵਾਰਦਾਤ ਹਲਕਾ ਅਟਾਰੀ ਦੇ ਐਮਐਲਏ ਜਸਵਿੰਦਰ ਸਿੰਘ ਰਮਦਾਸ ਦੀ ਸ਼ੈਅ 'ਤੇ ਹੋਈ ਹੈ।

ਉਨ੍ਹਾਂ ਕਿਹਾ ਕਿ ਪਹਿਲਾਂ ਕੀਤੇ ਵਾਅਦੇ ਐਮਐਲਏ ਵੱਲੋਂ ਪੂਰੇ ਨਹੀਂ ਕੀਤੇ ਗਏ ਜਿਸ ਦਾ ਗੁਰਪ੍ਰੀਤ ਸਿੰਘ ਵਿਰੋਧ ਕਰਦਾ ਸੀ। ਇਸ ਦਾ ਸਿਲਾ ਉਸ ਨੂੰ ਭੁਗਤਣਾ ਪਿਆ। ਮੈਂਬਰਾਂ ਦਾ ਕਹਿਣਾ ਹੈ ਕਿ ਕਰੀਬ 5 ਗੋਲੀਆਂ ਚਲਾਈਆਂ ਗਈਆਂ। ਜਦਕਿ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਕੋਈ ਵੀ ਗੋਲੀ ਨਹੀਂ ਚੱਲੀ। 

ਹਾਸਲ ਜਾਣਕਾਰੀ ਮੁਤਾਬਕ ਕੱਲ੍ਹ ਰਾਤ 8:30 ਦੀ ਘਟਨਾ ਹੈ ਜਦੋਂ ਅਣਪਛਾਤੇ ਵਿਅਕਤੀਆਂ ਵੱਲੋਂ ਪਿੱਛਾ ਕੀਤਾ ਗਿਆ। ਗੋਲੀਆਂ ਚਲਾਈਆਂ ਤੇ ਵਾਲਾਂ ਤੋਂ ਫੜ ਕੇ ਘਸਿਟਿਆ ਗਿਆ। 8 ਤੋਂ 10 ਵਿਅਕਤੀਆਂ ਨੇ ਮਾਰਨ ਦੀ ਕੋਸ਼ਿਸ਼ ਕੀਤੀ। ਪੀੜਤ ਸਾਬਕਾ ਫੌਜੀ ਹੈ ਤੇ ਹੁਣ ਭਾਰਤੀ ਰੇਲਵੇ ਵਿੱਚ ਸੁਪਰਵਾਈਜ਼ਰ ਦੀ ਨੌਕਰੀ ਕਰਦਾ ਹੈ। ਪੁਲਿਸ ਮੁਤਾਬਕ ਆਪਸੀ ਰੰਜਿਸ਼ ਹੈ ਪਰ ਪਰਿਵਾਰ ਦਾ ਕਹਿਣਾ ਕੋਈ ਰੰਜਿਸ਼ ਨਹੀਂ।