Amritsar News: ਕਾਂਗਰਸ ਨੇਤਾ ਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਫਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਲਈ ਲੜ ਰਹੇ ਪੰਜਾਬ ਦੇ ਕਿਸਾਨਾਂ ਦੇ ਮਾਮਲੇ 'ਚ ਇੱਕ ਵਾਰ ਫਿਰ ਮੁੱਖ ਮੰਤਰੀ ਭਗਵੰਤ ਮਾਨ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਪੋਸਟ ਪਾਈ ਹੈ ਜਿਸ ਵਿੱਚ ਲਿਖਿਆ ਕਿ ਕੇਂਦਰ ਦੇ ਰਿਮੋਟ ਕੰਟਰੋਲ ਵਾਲੇ ਮੋਹਰੇ ਹੋਣ ਦੇ ਨਾਤੇ, ਤੁਸੀਂ ਆਪਣੇ ਨਿੱਜੀ ਮੁਨਾਫ਼ਿਆਂ ਲਈ ਕਿਸਾਨਾਂ ਦੇ ਹਿੱਤਾਂ ਨੂੰ ਵੇਚਣ ਲਈ ਇੱਕ ਕਰਾਰ 'ਤੇ ਮੋਹਰ ਲਈ ਹੈ...ਠੇਕੇ ਦੀ ਖੇਤੀ ਦੀ ਵੇਦੀ 'ਤੇ ਕਿਸਾਨਾਂ ਦੀ ਬਲੀ ਦੇਣਾ - ਵਿਸ਼ਵਾਸਘਾਤ !!



ਉਨ੍ਹਾਂ ਨੇ ਅੱਗ ਲਿਖਿਆ ਹੈ ਕਿ ਤੁਹਾਡੇ ਵੱਲੋਂ ਕੀਤੇ ਵਾਅਦੇ ਮੁਤਾਬਕ MSP ਕਾਨੂੰਨ ਅਧੂਰਾ ਰਹਿ ਗਿਆ, ਖਾਲੀ ਵਾਅਦਿਆਂ ਦੀ ਖੋਖਲੀ ਗੂੰਜ…. ਬਿਆਨਬਾਜ਼ੀ ਦੀ ਥਾਂ ਕਾਰਵਾਈ ਕਰੋ… ਸਵਾਮੀਨਾਥਨ ਕਮਿਸ਼ਨ ਦੇ ਨਿਰਪੱਖ C2+50 ਫਾਰਮੂਲੇ ਦੀ ਪਾਲਣਾ ਕਰਦੇ ਹੋਏ, ਸਾਰੀਆਂ 23 ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਖਰੀਦ ਦੀ ਗਾਰੰਟੀ ਦੇਣ ਵਾਲਾ ਮਤਾ ਲਾਗੂ ਕਰੋ। ਸਮਾਂ ਸਾਡੇ ਕਿਸਾਨਾਂ ਲਈ ਇਨਸਾਫ਼ ਮੰਗਦਾ ਹੈ... ਵਿਧਾਨ ਸਭਾ ਸੈਸ਼ਨ ਬੁਲਾਉਣ ਲਈ ਧੰਨਵਾਦ...ਕਈ ਵਾਰੀ ਗੂੰਗਾ ਵੀ ਜਵਾਬ ਦਿੰਦਾ ਹੈ!!


 


 






ਦੱਸ ਦਈਏ ਕਿ ਨਵਜੋਤ ਸਿੱਧੂ ਸ਼ੁਰੂ ਤੋਂ ਹੀ ਕਿਸਾਨਾਂ ਦੇ ਮਾਮਲੇ ਬਾਰੇ ਕਾਫੀ ਸਰਗਰਮ ਹਨ। ਇੱਕ ਪਾਸੇ ਉਹ ਸੋਸ਼ਲ ਮੀਡੀਆ 'ਤੇ ਰੋਜ਼ਾਨਾ ਪੋਸਟਾਂ ਪਾ ਕੇ ਸਰਕਾਰ ਤੇ ਮੁੱਖ ਮੰਤਰੀ ਨੂੰ ਘੇਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਪਟਿਆਲਾ ਵਿੱਚ ਕਿਸਾਨਾਂ ਦੇ ਹੱਕ ਵਿੱਚ ਪ੍ਰੈਸ ਕਾਨਫਰੰਸ ਕੀਤੀ ਸੀ। ਸੀਐਮ ਭਗਵੰਤ ਮਾਨ ਤਾਂ ਪਹਿਲਾਂ ਹੀ ਜਨਤਕ ਮੰਚ ਤੋਂ ਉਨ੍ਹਾਂ ਦੇ ਬਿਆਨਾਂ ਬਾਰੇ ਆਪਣੀ ਰਾਏ ਜ਼ਾਹਰ ਕਰ ਚੁੱਕੇ ਹਨ।



ਸੀਐਮ ਮਾਨ ਦਾ ਕਹਿਣਾ ਹੈ ਕਿ ਸਵੇਰੇ ਉੱਠਦੇ ਹੀ ਸਿੱਧੂ ਸਮੇਤ ਪੰਜਾਬ ਦੇ ਚਾਰ ਆਗੂ ਉਨ੍ਹਾਂ ਨੂੰ ਗਾਲ੍ਹਾਂ ਕੱਢਣ ਲੱਗ ਪੈਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਸੂਬੇ ਵਿੱਚ ਸਿੱਧੂ ਦੀ ਆਪਣੀ ਸਰਕਾਰ ਸੀ ਤੇ ਨਾਲੇ ਉਨ੍ਹਾਂ ਕੋਲ ਕੰਮ ਕਰਨ ਦਾ ਮੌਕਾ ਸੀ, ਪਰ ਉਸ ਵੇਲੇ ਉਹ ਕੁਝ ਨਹੀਂ ਕਰ ਸਕੇ।



ਦੱਸ ਦਈਏ ਕਿ ਲੋਕਾਂ ਨਾਲ ਸਿੱਧਾ ਜੁੜਨ ਲਈ ਨਵਜੋਤ ਸਿੱਧੂ ਨੇ ਆਪਣਾ ਵਟਸਐਪ ਚੈਨਲ ਬਣਾਇਆ ਹੈ। ਉਨ੍ਹਾਂ ਨੇ ਇੱਕ ਆਡੀਓ ਸੰਦੇਸ਼ ਪੋਸਟ ਕਰਦਿਆਂ ਕਿਹਾ ਕਿ ਜਦੋਂ ਸੰਪਰਕ ਟੁੱਟ ਜਾਂਦਾ ਹੈ ਤਾਂ ਸ਼ੱਕ ਪੈਦਾ ਹੁੰਦਾ ਹੈ। ਸ਼ੱਕ ਦੀ ਸਤ੍ਹਾ 'ਤੇ ਭਰੋਸਾ ਪਿਘਲ ਜਾਂਦਾ ਹੈ। ਮੇਰੀ ਰਾਜਨੀਤੀ ਆਸ ਤੇ ਵਿਸ਼ਵਾਸ ਦੀ ਹੈ। ਮੈਂ ਤੁਹਾਡੇ ਭਰੋਸੇ ਨੂੰ ਕਦੇ ਟੁੱਟਣ ਨਹੀਂ ਦਿਆਂਗਾ। ਮੈਂ ਕਦੇ ਵੀ ਕੋਈ ਸ਼ੱਕ ਪੈਦਾ ਨਹੀਂ ਹੋਣ ਦਿਆਂਗਾ ਤੇ ਸੰਪਰਕ ਹਮੇਸ਼ਾ ਬਣਿਆ ਰਹੇਗਾ। ਇਸ ਵਟਸਐਪ ਚੈਨਲ ਰਾਹੀਂ ਸਭ ਕੁਝ ਹੋਵੇਗਾ।


ਯਾਦ ਰਹੇ ਨਵਜੋਤ ਸਿੱਧੂ ਨੇ ਪੰਜਾਬ ਕਾਂਗਰਸ ਤੋਂ ਦੂਰੀ ਬਣਾਈ ਰੱਖੀ ਹੈ। ਉਹ 11 ਜਨਵਰੀ ਤੋਂ ਬਾਅਦ ਪਾਰਟੀ ਕਾਰਜਕਾਰਨੀ ਆਗੂਆਂ ਨੂੰ ਨਹੀਂ ਮਿਲੇ। ਹਾਲਾਂਕਿ ਉਹ ਪਾਰਟੀ ਹਾਈਕਮਾਂਡ ਦੇ ਸਿੱਧੇ ਸੰਪਰਕ ਵਿੱਚ ਹਨ। ਹਾਲ ਹੀ 'ਚ ਉਨ੍ਹਾਂ ਨੇ ਦਿੱਲੀ 'ਚ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਭਾਵੇਂ ਪੰਜਾਬ ਇਕਾਈ ਨੇ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਲਈ ਪਾਰਟੀ ਹਾਈਕਮਾਂਡ ਨੂੰ ਪੱਤਰ ਭੇਜਿਆ ਸੀ ਪਰ ਪਾਰਟੀ ਹਾਈਕਮਾਂਡ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।