Amritsar News: ਕੇਂਦਰ ਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ 4 ਨਵੰਬਰ ਤੋਂ 17 ਨਵੰਬਰ ਤਕ ਖੇਤਰੀ ਸਾਰਸ ਮੇਲਾ ਅੰਮ੍ਰਿਤਸਰ ਦੇ ਦਸਹਿਰਾ ਗਰਾਊਂਡ ਰਣਜੀਤ ਐਵੇਨਿਊ ਵਿੱਚ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਦੇਸ਼ ਭਰ ਤੋਂ ਕਾਰੀਗਰ ਆਪਣੇ ਦਸਤਕਾਰੀ ਹੁਨਰ ਦਾ ਪ੍ਰਦਰਸ਼ਨ ਕਰਨਗੇ ਤੇ 300 ਤੋਂ ਵੱਧ ਸਟਾਲ ਲਗਾਏ ਜਾਣਗੇ।
ਇਸ ਮੇਲੇ ਦੌਰਾਨ ਪੰਜਾਬ ਦੇ ਪ੍ਰਸਿੱਧ ਗਾਇਕ ਕਮਲ ਖਾਨ, ਕੁਲਵਿੰਦਰ ਬਿੱਲਾ, ਮਾਸ਼ਾ ਅਲੀ, ਗੁਲਾਬ ਸਿੱਧੂ, ਲਹਿੰਬਰ ਹੁਸੈਨਪੁਰੀ, ਫਿਰੋਜ਼ ਖਾਨ ਤੇ ਗੁਰਲੇਜ਼ ਅਖ਼ਤਰ ਆਪਣੀ ਗਾਇਕੀ ਪੇਸ਼ ਕਰਨਗੇ। ਦਸਹਿਰਾ ਗਰਾਊਂਡ ਵਿੱਚ ਖੇਤਰੀ ਸਾਰਸ ਮੇਲੇ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਇਸ ਮੇਲੇ ਵਿੱਚ ਦੇਸ਼ ਭਰ ਤੋਂ ਕਾਰੀਗਰ ਅਤੇ ਸੈਲਫ ਹੈਲਪ ਗਰੁੱਪ ਆਪਣੇ ਹੱਥਾਂ ਦੁਆਰਾ ਤਿਆਰ ਕੀਤੇ ਗਏ ਉਤਪਾਦਾਂ ਦੀ ਪ੍ਰਦਰਸ਼ਨੀ ਲਾਉਣਗੇ।
ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿੱਚ ਵੱਖ -ਵੱਖ ਰਾਜਾਂ ਦੇ ਲੋਕ ਆਪਣੇ ਖਾਣ -ਪੀਣ ਦੇ ਸਟਾਲ ਵੀ ਲਾਉਣਗੇ। ਮੇਲੇ ਦੌਰਾਨ ਬੱਚਿਆਂ ਲਈ ਵੀ ਵੱਖਰਾ ਜ਼ੋਨ ਸਥਾਪਤ ਕੀਤਾ ਗਿਆ ਹੈ, ਜਿਥੇ ਉਨ੍ਹਾਂ ਲਈ ਝੂਲੇ ਆਦਿ ਦਾ ਪ੍ਰਬੰਧ ਵੀ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਮੇਲੇ ਦਾ ਮੁੱਖ ਮੰਤਵ ਦੇਸ਼ ਭਰ ਦੇ ਛੋਟੇ ਕਾਰੀਗਰਾਂ ਨੂੰ ਆਪਣੀਆਂ ਵਸਤਾਂ ਵੇਚਣ ਲਈ ਉਤਸ਼ਾਹਿਤ ਕਰਨਾ ਅਤੇ ਉਨ੍ਹਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਹੈ। ਉਨ੍ਹਾਂ ਦੱਸਿਆ ਕਿ 14 ਦਿਨ ਚੱਲਣ ਵਾਲੇ ਮੇਲੇ ਦੌਰਾਨ ਸੱਭਿਆਚਾਰਕ ਪ੍ਰੋਗਰਾਮ ਵੀ ਹੋਣਗੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ