Amritsar News: ਵੀਰਵਾਰ ਨੂੰ ਅੰਮ੍ਰਿਤਸਰ ਵਿੱਚ ਅਚਾਨਕ ਐਮਰਜੰਸੀ ਵਾਲੇ ਹਾਲਾਤ ਬਣ ਗਏ। ਚਾਰੇ ਪਾਸੇ ਹਫੜਾ-ਤਫੜੀ ਦਾ ਮਾਹੌਲ ਬਣ ਗਿਆ। ਪੁਲਿਸ ਤੇ ਸੁਰੱਖਿਆ ਬਲ ਐਕਸ਼ਨ ਮੋਡ ਵਿੱਚ ਨਜ਼ਰ ਆਏ। ਕਈ ਲੋਕ ਇਸ ਜੰਗੀ ਮਾਹੌਲ ਨੂੰ ਵੇਖ ਹੈਰਾਨ ਸਨ ਪਰ ਇਹ ਸਭ ਮੌਕ ਡਰਿੱਲ ਸੀ। ਉਂਝ ਇਸ ਬਾਰੇ ਪੁਲਿਸ ਨੇ ਪਹਿਲਾਂ ਹੀ ਸ਼ਹਿਰ ਵਾਸੀਆਂ ਨੂੰ ਸੂਚਿਤ ਕਰ ਦਿੱਤਾ ਸੀ।
ਹਾਸਲ ਜਾਣਕਾਰੀ ਮੁਤਾਬਕ ਖਾਲਸਾ ਕਾਲਜ ’ਚ ਸ਼ਾਮ ਨੂੰ ਮੌਕ ਡਰਿੱਲ ਦੌਰਾਨ ਅਤਿਵਾਦੀ ਹਮਲਾ ਹੋਇਆ ਹੈ, ਜਿੱਥੇ 25 ਵਿਅਕਤੀਆਂ ਨੂੰ ਬੰਦੀ ਬਣਾ ਲਿਆ ਗਿਆ। ਕਾਲਜ ’ਚ ਸ਼ਾਮ ਨੂੰ 6.40 ਵਜੇ ਇੱਕ ਬੰਬ ਧਮਾਕਾ ਵੀ ਹੋਇਆ। ਪੰਜਾਬ ਪੁਲਿਸ ਤੇ ਨੈਸ਼ਨਲ ਸਕਿਉਰਿਟੀ ਗਾਰਡ ਦੇ ਸੁਰੱਖਿਆ ਕਰਮਚਾਰੀਆਂ ਨੇ ਸਾਂਝੀ ਕਾਰਵਾਈ ਦੌਰਾਨ ਤਿੰਨ ਅਤਿਵਾਦੀਆਂ ਨੂੰ ਕਾਬੂ ਕਰ ਲਿਆ।
ਇਸ ਕਾਰਵਾਈ ਦੌਰਾਨ ਪੰਦਰਾਂ ਵਿਅਕਤੀਆਂ ਦੀ ਮੌਤ ਹੋ ਗਈ। ਇਹ ਅਤਿਵਾਦੀ ਹਮਲਾ ਨਹੀਂ ਸਗੋਂ ਨੈਸ਼ਨਲ ਸਕਿਉਰਿਟੀ ਗਾਰਡ ਤੇ ਪੰਜਾਬ ਪੁਲਿਸ ਵੱਲੋਂ ਸਾਂਝੇ ਕੀਤੇ ਜਾ ਰਹੇ ਜੰਗੀ ਅਭਿਆਸ ਦਾ ਹਿੱਸਾ ਹੈ। ਇਹ ਸਾਂਝਾ ਅਭਿਆਸ ਸ਼ਹਿਰ ’ਚ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਦੇ ਅਭਿਆਸ ਵਜੋਂ ਕੀਤਾ ਜਾ ਰਿਹਾ ਹੈ।
ਇਹ ਨੈਸ਼ਨਲ ਸਕਿਉਰਿਟੀ ਗਾਰਡ ਤੇ ਪੰਜਾਬ ਪੁਲੀਸ ਦੀ ਚੌਥੀ ਸਾਂਝੀ ਮੌਕ ਡਰਿੱਲ ਹੈ ਜਿਸ ਨੂੰ ਗੰਢੀਵ ਆਪ੍ਰੇਸ਼ਨ ਦਾ ਨਾਂ ਦਿੱਤਾ ਗਿਆ ਹੈ। ਇਸ ਸਾਂਝੇ ਅਭਿਆਸ ਤਹਿਤ ਸ਼ਾਮ ਵੇਲੇ ਖ਼ਾਲਸਾ ਕਾਲਜ ’ਚ ਅਤਿਵਾਦੀ ਹਮਲੇ ਦੀ ਸੂਚਨਾ ਮਿਲਦੀ ਹੈ ਤੇ ਬੰਬ ਧਮਾਕਾ ਹੁੰਦਾ ਹੈ। ਅਤਿਵਾਦੀ ਕਾਲਜ ’ਚ 25 ਵਿਅਕਤੀਆਂ ਨੂੰ ਬੰਦੀ ਬਣਾ ਲੈਂਦੇ ਹਨ। ਜਿਨ੍ਹਾਂ ਦੀ ਰਿਹਾਈ ਬਦਲੇ ਅਤਿਵਾਦੀਆਂ ਵੱਲੋਂ ਇਕ ਕਰੋੜ ਰੁਪਏ ਤੇ ਐਨਡੀਪੀਐਸ ਐਕਟ ਹੇਠ ਵੱਖ ਵੱਖ ਜੇਲ੍ਹਾਂ ’ਚ ਬੰਦ 13 ਕੈਦੀਆਂ ਦੀ ਰਿਹਾਈ ਦੀ ਮੰਗ ਕੀਤੀ ਜਾਂਦੀ ਹੈ।
ਇਹ ਅਤਿਵਾਦੀ ਆਪਣੇ ਸੁਰੱਖਿਅਤ ਲਾਂਘੇ ਵਾਸਤੇ ਇੱਕ ਹਵਾਈ ਜਹਾਜ਼ ਦੀ ਵੀ ਮੰਗ ਕਰਦੇ ਹਨ। ਪੁਲਿਸ ਤੇ ਨੈਸ਼ਨਲ ਸਕਿਉਰਿਟੀ ਗਾਰਡ ਦੇ ਕਰਮਚਾਰੀਆਂ ਵੱਲੋਂ ਸਾਂਝੇ ਆਪ੍ਰੇਸ਼ਨ ਤਹਿਤ ਖ਼ਾਲਸਾ ਕਾਲਜ ਨੂੰ ਘੇਰਾ ਪਾ ਲਿਆ ਹੈ। ਇਸ ਕਾਰਵਾਈ ਦੌਰਾਨ ਤਿੰਨ ਅਤਿਵਾਦੀ ਕਾਬੂ ਕਰ ਲਏ ਗਏ।
ਖ਼ਾਲਸਾ ਕਾਲਜ ਤੋਂ ਇਲਾਵਾ ਇਹ ਸਾਂਝਾ ਅਭਿਆਸ ਲਈ ਰੇਲਵੇ ਸਟੇਸ਼ਨ, ਖੰਨਾ ਪੇਪਰ ਮਿੱਲ, ਸਰਕਾਰੀ ਮੈਡੀਕਲ ਕਾਲਜ, ਡਿਪਟੀ ਕਮਿਸ਼ਨਰ ਦਾ ਦਫ਼ਤਰ, ਪੁਲੀਸ ਕਮਿਸ਼ਨਰ ਦਾ ਦਫ਼ਤਰ, ਜ਼ਿਲ੍ਹਾ ਕਚਹਿਰੀ ਕੰਪਲੈਕਸ, ਤਾਜ ਹੋਟਲ, ਹਵਾਈ ਅੱਡਾ, ਟਰੀਲੀਅਮ ਸ਼ਾਪਿੰਗ ਮਾਲ ਆਦਿ ਥਾਵਾਂ ਨੂੰ ਚੁਣਿਆ ਗਿਆ। ਜਿਸ ਤਹਿਤ ਸੁਰੱਖਿਆ ਫੋਰਸਾਂ ਵੱਲੋਂ ਅਤਿਵਾਦੀਆਂ ਨੂੰ ਕਾਬੂ ਕਰਨਾ ਤੇ ਆਮ ਲੋਕਾਂ ਨੂੰ ਸੁਰੱਖਿਅਤ ਬਚਾਉਣਾ ਸ਼ਾਮਲ ਹੈ।
ਇਸ ਤੋਂ ਪਹਿਲਾਂ ਪੁਲੀਸ ਕਮਿਸ਼ਨਰ ਅਰੁਣਪਾਲ ਸਿੰਘ ਵੱਲੋਂ ਲੋਕਾਂ ਨੂੰ ਆਖਿਆ ਗਿਆ ਸੀ ਕਿ ਉਹ ਬੰਬ ਧਮਾਕਿਆਂ ਜਾਂ ਗੋਲੀਆਂ ਦੀ ਆਵਾਜ਼ ਸੁਣ ਕੇ ਤਣਾਅ ’ਚ ਨਾ ਆਉਣ ਕਿਉਂਕਿ ਇਹ ਇਕ ਸਾਂਝੇ ਅਭਿਆਸ ਦਾ ਹਿੱਸਾ ਹੈ। ਇਸ ਦੌਰਾਨ ਮੀਡੀਆ ਨੂੰ ਵੀ ਘਟਨਾ ਸਥਾਨ ਤੋਂ ਦੂਰ ਰਹਿਣ ਦੀ ਹਦਾਇਤ ਕੀਤੀ ਗਈ।