Amritsar Police : ਅੰਮ੍ਰਿਤਸਰ ਪੁਲਿਸ ਨੇ ਆਜ਼ਾਦੀ ਦਿਵਸ ਤੋਂ ਪਹਿਲਾਂ 4 ਕਥਿਤ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਮੁਤਾਬਕ ਚਾਰੇ ਖਾਲਿਸਤਾਨ ਲਿਬਰੇਸ਼ਨ ਫੋਰਸ (KLF) ਨਾਲ ਜੁੜੇ ਹੋਏ ਹਨ ਅਤੇ 15 ਅਗਸਤ ਮੌਕੇ ਕਿਸੇ ਵੱਡੀ ਸਾਜ਼ਿਸ਼ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਸਨ।

Continues below advertisement

ਸ਼ੁੱਕਰਵਾਰ ਸਵੇਰੇ ਅਜਨਾਲਾ ਇਲਾਕੇ ਵਿੱਚ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਚਾਰਾਂ ਨੂੰ ਗ੍ਰਿਫ਼ਤਾਰ ਕੀਤਾ। ਜਾਂਚ ਦੌਰਾਨ ਸਾਹਮਣੇ ਆਇਆ ਕਿ ਇਨ੍ਹਾਂ ਦੇ ਤਾਰ ਏਐਸਆਈ ਜੋਗਾ ਸਿੰਘ ਕਤਲ ਕਾਂਡ ਅਤੇ ਆਰਮੀ ਖਾਸਾ ਖੇਤਰ ਦੇ ਬਾਹਰ ਹੋਏ ਧਮਾਕੇ ਨਾਲ ਵੀ ਜੁੜੇ ਹੋ ਸਕਦੇ ਹਨ। ਪੁਲਿਸ ਦਾ ਕਹਿਣਾ ਹੈ ਕਿ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਕਈ ਅਹਿਮ ਜਾਣਕਾਰੀਆਂ ਦਿੱਤੀਆਂ ਹਨ, ਜਿਨ੍ਹਾਂ ਦੇ ਆਧਾਰ 'ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

Continues below advertisement

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਕਰਨਬੀਰ ਸਿੰਘ, ਮਨਦੀਪ ਸਿੰਘ, ਸੁਖਦੀਪ ਸਿੰਘ ਅਤੇ ਪ੍ਰਦੀਪ ਸਿੰਘ ਵਜੋਂ ਹੋਈ ਹੈ। ਕਰਨਬੀਰ ਸਿੰਘ ਰਾਮਦਾਸ ਦਾ ਰਹਿਣ ਵਾਲਾ ਹੈ। ਫਿਲਹਾਲ ਪੁਲਿਸ ਚਾਰਾਂ ਤੋਂ ਗਹਿਰੀ ਪੁੱਛਗਿੱਛ ਕਰ ਰਹੀ ਹੈ ਅਤੇ ਪੂਰੇ ਨੈੱਟਵਰਕ ਦੀਆਂ ਕੜੀਆਂ ਜੋੜਣ ਵਿੱਚ ਲੱਗੀ ਹੋਈ ਹੈ।

ਚਮਿਆਰੀ ਪੁਲਿਸ ਚੌਕੀ 'ਤੇ ਹਮਲੇ ਨਾਲ ਵੀ ਜੁੜੇ ਤਾਰ

ਜਾਂਚ ਏਜੰਸੀਆਂ ਦੇ ਮੁਤਾਬਕ ਗ੍ਰਿਫ਼ਤਾਰ ਮੁਲਜ਼ਮ ਉਸੇ ਗਿਰੋਹ ਨਾਲ ਸਬੰਧਤ ਹਨ, ਜਿਸ 'ਤੇ ਪਹਿਲਾਂ ਪੁਲਿਸ ਥਾਣਿਆਂ ਅਤੇ ਸੁਰੱਖਿਆ ਠਿਕਾਣਿਆਂ 'ਤੇ ਬੋਤਲ ਬੰਬ ਅਤੇ ਗ੍ਰੇਨੇਡ ਹਮਲੇ ਕਰਨ ਦੇ ਆਰੋਪ ਲੱਗੇ ਸਨ। ਏਜੰਸੀਆਂ ਦਾ ਦਾਅਵਾ ਹੈ ਕਿ 23 ਜੁਲਾਈ ਦੀ ਅੱਧੀ ਰਾਤ ਪਾਕਿਸਤਾਨ ਦੀ ਖੁਫੀਆ ਏਜੰਸੀ ISI ਦੇ ਇਸ਼ਾਰੇ 'ਤੇ ਅਜਨਾਲਾ ਥਾਣਾ ਖੇਤਰ ਦੀ ਚਮਿਆਰੀ ਪੁਲਿਸ ਚੌਕੀ 'ਤੇ ਬੋਤਲ ਬੰਬ ਸੁੱਟਿਆ ਗਿਆ ਸੀ। ਹਾਲਾਂਕਿ ਉਸ ਘਟਨਾ ਵਿੱਚ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਮਿਲੀ ਸੀ ਅਤੇ ਉਸ ਸਮੇਂ ਪੁਲਿਸ ਅਧਿਕਾਰੀਆਂ ਨੇ ਚੌਕੀ 'ਤੇ ਹਮਲੇ ਦੀ ਪੁਸ਼ਟੀ ਨਹੀਂ ਕੀਤੀ ਸੀ।

ਚਾਰਾਂ ਤੋਂ ਪੁੱਛਗਿੱਛ ਜਾਰੀ, ਰਿਮਾਂਡ ਦੀ ਤਿਆਰੀ

ਫਿਲਹਾਲ ਪੁਲਿਸ ਚਾਰਾਂ ਮੁਲਜ਼ਮਾਂ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ। ਦੁਪਹਿਰ 2 ਵਜੇ ਤੋਂ ਬਾਅਦ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਿਸ ਪੂਰੇ ਮਾਡਿਊਲ, ਹਥਿਆਰਾਂ ਦੀ ਸਪਲਾਈ, ਫੰਡਿੰਗ ਨੈੱਟਵਰਕ ਅਤੇ ਪਾਕਿਸਤਾਨ ਨਾਲ ਜੁੜੇ ਸੰਭਾਵਿਤ ਸੰਪਰਕਾਂ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਰਿਮਾਂਡ ਦੀ ਮੰਗ ਕਰੇਗੀ।