Punjab Police: ਸੀਆਈਏ ਸਟਾਫ਼ ਨੇ ਪਾਕਿਸਤਾਨ ਤੋਂ ਹੈਰੋਇਨ ਲਿਆ ਕੇ ਵੇਚਣ ਵਾਲੇ ਇੱਕ ਗਿਰੋਹ ਦੇ ਅੱਠ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਟੀਮ ਨੇ ਕਾਬੂ ਕੀਤੇ ਮੁਲਜ਼ਮਾਂ ਦੇ ਕਬਜ਼ੇ ’ਚੋਂ 4 ਕਿੱਲੋ 10 ਗ੍ਰਾਮ ਹੈਰੋਇਨ, ਇੱਕ ਪਿਸਤੌਲ, ਦੋ ਪੁਆਇੰਟ 32 ਬੋਰ, 45 ਜਿੰਦਾ ਕਾਰਤੂਸ, 2.07 ਲੱਖ ਰੁਪਏ ਦੀ ਨਸ਼ੀਲੀ ਦਵਾਈ ਅਤੇ ਸੱਤ ਕਾਰਾਂ ਬਰਾਮਦ ਕੀਤੀਆਂ ਹਨ।
ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਥਾਣਾ ਇਸਲਾਮਾਬਾਦ ਦੀ ਪੁਲਿਸ ਨੂੰ 22 ਮਈ ਨੂੰ ਸੂਚਨਾ ਮਿਲੀ ਸੀ ਕਿ ਅਟਾਰੀ ਦਾ ਰਹਿਣ ਵਾਲਾ ਰਜਿੰਦਰ ਸਿੰਘ ਉਰਫ਼ ਰਾਜਾ ਰੋਜ਼ਾਨਾ ਹੀ ਨਸ਼ਾ ਵੇਚਣ ਲਈ ਹੈਰੋਇਨ ਦੀ ਖੇਪ ਲੈ ਕੇ ਕੋਟ ਖਾਲਸਾ ਆਉਂਦਾ ਹੈ। ਇਸ ਦੇ ਆਧਾਰ ’ਤੇ ਪੁਲਿਸ ਨੇ ਗੁਰੂ ਤੇਗ ਬਹਾਦਰ ਨਗਰ ਰੋਡ ਰੇਲਵੇ ਕੁਆਟਰਾਂ ਨੇੜੇ ਨਾਕਾਬੰਦੀ ਕਰ ਦਿੱਤੀ।
ਕਾਰ (ਪੀ.ਬੀ.-02-ਡੀ.ਈ.-0529) ਵਿੱਚ ਸਵਾਰ ਮੁਲਜ਼ਮ ਰਜਿੰਦਰ ਸਿੰਘ ਉਰਫ਼ ਰਾਜਾ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ। ਪਰ ਪੁਲਿਸ ਨੂੰ ਦੇਖ ਕੇ ਉਹ ਉਥੋਂ ਭੱਜ ਗਿਆ। ਪੁਲਿਸ ਟੀਮ ਨੇ ਪਿੱਛਾ ਕਰਕੇ ਉਸ ਨੂੰ ਕਾਬੂ ਕਰ ਲਿਆ। ਜਦੋਂ ਉਸ ਦੀ ਕਾਰ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਕਬਜ਼ੇ 'ਚੋਂ 500 ਗ੍ਰਾਮ ਹੈਰੋਇਨ, 40 ਹਜ਼ਾਰ ਰੁਪਏ ਦੀ ਨਸ਼ੀਲੀ ਦਵਾਈ ਅਤੇ ਇੱਕ ਇਲੈਕਟ੍ਰਾਨਿਕ ਕੰਡਾ ਬਰਾਮਦ ਹੋਇਆ। ਇਸ ਤੋਂ ਬਾਅਦ ਜਦੋਂ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਦੇ ਪੂਰੇ ਗੈਂਗ ਦਾ ਖੁਲਾਸਾ ਹੋਇਆ।
ਪੁਲਿਸ ਅਧਿਕਾਰੀਆਂ ਵਲੋਂ ਜਾਂਚ ਸ਼ੁਰੂ ਕੀਤੀ ਗਈ ਤਾਂ ਪਤਾ ਲੱਗਾ ਕਿ ਰਾਜਾ ਦੇ ਸਾਥੀ ਅਭਿਸ਼ੇਕ ਅਭੀ ਅਤੇ ਰਣਜੀਤ ਸਿੰਘ ਉਰਫ਼ ਕਾਕਾ ਨੂੰ ਥਾਣਾ ਘਰਿੰਡਾ ਦੀ ਪੁਲਿਸ ਨੇ ਇਰਾਦਾ ਕਤਲ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਜਿਵੇਂ-ਜਿਵੇਂ ਜਾਂਚ ਅੱਗੇ ਵਧੀ ਤਾਂ ਸਾਹਮਣੇ ਆਇਆ ਕਿ ਇਸ ਪੂਰੇ ਗਰੋਹ ਦਾ ਸਰਗਨਾ ਰਣਜੀਤ ਸਿੰਘ ਉਰਫ਼ ਕਾਕਾ ਸੀ।
ਪੁਲਿਸ ਨੇ ਸਭ ਤੋਂ ਪਹਿਲਾਂ ਅਭਿਸ਼ੇਕ ਉਰਫ਼ ਅਭੀ ਨੂੰ 10 ਜੂਨ ਨੂੰ ਗ੍ਰਿਫ਼ਤਾਰ ਕੀਤਾ ਸੀ। ਵਿਸਥਾਰਤ ਜਾਂਚ ਤੋਂ ਬਾਅਦ ਰਣਜੀਤ ਸਿੰਘ ਉਰਫ ਕਾਕਾ, ਵਿਸ਼ਾਲ ਉਰਫ ਸ਼ਾਲੂ, ਲਵਪ੍ਰੀਤ ਸਿੰਘ ਉਰਫ ਕਾਲੂ ਨੂੰ 13 ਜੂਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ 14 ਜੂਨ ਨੂੰ ਗੁਰਭੇਜ ਸਿੰਘ ਉਰਫ਼ ਭੀਜਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। 19 ਜੂਨ ਨੂੰ ਗੁਰਜੰਟ ਸਿੰਘ ਉਰਫ਼ ਜੰਟੀ ਅਤੇ ਜਸਪਾਲ ਸਿੰਘ ਉਰਫ਼ ਭਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਦੇ ਕਬਜ਼ੇ 'ਚੋਂ ਡੇਢ ਕਿੱਲੋ ਹੈਰੋਇਨ ਬਰਾਮਦ ਹੋਈ।
ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਕੁੱਲ ਚਾਰ ਕਿੱਲੋ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਹ ਸਾਰੀ ਹੈਰੋਇਨ ਪਾਕਿਸਤਾਨ ਤੋਂ ਡਰੋਨ ਰਾਹੀਂ ਆਈ ਸੀ। ਰਣਜੀਤ ਸਿੰਘ ਉਰਫ਼ ਕਾਕਾ ਪਾਕਿਸਤਾਨ ਵਿੱਚ ਬੈਠੇ ਸਮੱਗਲਰਾਂ ਦੇ ਸੰਪਰਕ ਵਿੱਚ ਸੀ ਅਤੇ ਉਸ ਨੇ ਹੀ ਇਹ ਖੇਪ ਮੰਗਵਾਈ ਸੀ। ਇਸ ਤੋਂ ਇਲਾਵਾ ਮੁਲਜ਼ਮ ਪਾਕਿਸਤਾਨ ਤੋਂ ਹਥਿਆਰਾਂ ਦੀ ਤਸਕਰੀ ਵੀ ਕਰ ਰਹੇ ਸਨ। ਇਨ੍ਹਾਂ ਦੇ ਕਬਜ਼ੇ 'ਚੋਂ ਪਾਕਿਸਤਾਨ ਦਾ ਬਣਿਆ ਜਿਗਾਨਾ ਪਿਸਤੌਲ ਵੀ ਬਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਕੋਲੋਂ ਕਈ ਖੁਲਾਸੇ ਹੋਣ ਦੀ ਉਮੀਦ ਹੈ।