Amritsar News: ਪੰਜਾਬ ਵਿੱਚ ਕੜਾਕੇ ਦੀ ਠੰਢ ਪੈ ਰਹੀ ਹੈ। ਤਾਪਮਾਨ ਤਿੰਨ ਤੋਂ ਚਾਰ ਡਿਗਰੀ ਤੱਕ ਹੇਠਾਂ ਜਾ ਰਿਹਾ ਹੈ। ਅਜਿਹੇ ਮੌਸਮ ਵਿੱਚ ਸਭ ਤੋਂ ਵੱਧ ਸਕੂਲੀ ਬੱਚਿਆਂ ਨੂੰ ਪੈ ਰਹੀ ਹੈ। ਠੰਢੇ ਕਮਰਿਆਂ ਵਿੱਚ ਬੱਚਿਆਂ ਲਈ ਬੈਠਣਾ ਮੁਸ਼ਕਲ ਹੈ। ਇਸ ਤੋਂ ਇਲਾਵਾ ਧੁੰਦ ਵਿੱਚ ਚੱਲ ਕੇ ਸਕੂਲ ਪਹੁੰਚਣਾ ਵੀ ਮੁਸੀਬਤ ਤੋਂ ਘੱਟ ਨਹੀਂ। ਇਸ ਲਈ ਪੰਜਾਬ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਸਕੂਲਾਂ ਦਾ ਸਮਾਂ ਬਦਲਿਆ ਜਾਏ।


ਹਾਸਲ ਜਾਣਕਾਰੀ ਮੁਤਾਬਕ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਨੇ ਹੱਡ-ਚੀਰਵੀਂ ਠੰਢ ਦੇ ਮੌਸਮ ਵਿੱਚ ਵਿਦਿਆਰਥੀਆਂ ਦੀ ਸਿਹਤ ਤੇ ਸੁਰੱਖਿਆ ਦੇ ਮੱਦੇਨਜ਼ਰ ਸਕੂਲਾਂ ਦਾ ਸਮਾਂ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 2.30 ਵਜੇ ਤਕ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਨੇ ਕਿਹਾ ਕਿ ਇਸ ਸਾਲ ਪੰਜਾਬ ਸਣੇ ਪੂਰੇ ਉੱਤਰੀ ਭਾਰਤ ਵਿੱਚ ਕੜਾਕੇ ਦੀ ਸਰਦੀ ਪੈ ਰਹੀ ਹੈ। ਇਸ ਕਾਰਨ ਕਈ ਦਿਨਾਂ ਤੋਂ ਸੂਰਜ ਨਾ ਨਿਕਲਣ ਕਾਰਨ ਧੁੰਦ, ਕੋਰਾ ਤੇ ਸੀਤ-ਲਹਿਰ ਦਾ ਕਹਿਰ ਸਿਖ਼ਰਾਂ ’ਤੇ ਹੈ। 


ਉਨ੍ਹਾਂ ਨੇ ਕਿਹਾ ਕਿ ਇੰਨੀ ਜ਼ਿਆਦਾ ਠੰਢ ਤੇ ਧੁੰਦ ਨੇ ਬੱਚਿਆਂ ਹੀ ਨਹੀਂ ਸਗੋਂ ਵੱਡਿਆਂ ਨੂੰ ਵੀ ਹਾਲੋਂ-ਬੇਹਾਲ ਕੀਤਾ ਹੋਇਆ ਹੈ। ਇਸ ਮੌਸਮ ਵਿੱਚ ਬੱਚਿਆਂ ਦਾ ਸਵੇਰੇ ਤਿਆਰ ਹੋ ਕੇ ਸਕੂਲ ਪੁੱਜਣਾ ਮੁਸ਼ਕਲ ਹੋਇਆ ਪਿਆ ਹੈ। ਇਸ ਲਈ ਸਕੂਲਾਂ ਦੇ ਸਮੇਂ ਵਿੱਚ ਤਬਦੀਲੀ ਕੀਤੀ ਜਾਏ। ਇਸ ਦੇ ਨਾਲ ਹੀ ਮਾਪੇ ਵੀ ਸਰਕਾਰ ਤੋਂ ਸਮਾਂ ਤਬਦੀਲ ਕਰਨ ਦੀ ਮੰਗ ਕਰ ਰਹੇ ਹਨ। 



ਦੱਸ ਦਈਏ ਕਿ ਮੌਸਮ ਵਿਭਾਗ ਵੱਲੋਂ ਪੰਜਾਬ ਦੇ 5 ਜ਼ਿਲ੍ਹਿਆਂ ਗੁਰਦਾਸਪੁਰ, ਅੰਮ੍ਰਿਤਸਰ, ਨਵਾਂਸ਼ਹਿਰ, ਜਲੰਧਰ ਤੇ ਮੋਗਾ ਵਿੱਚ ਰੈੱਡ ਅਲਰਟ ਜਾਰੀ ਕੀਤਾ ਹੈ। ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਅੱਜ ਦਿਨ ਬੇਹੱਦ ਠੰਢਾ ਰਹੇਗਾ। ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। 


ਵੱਡੇ ਸ਼ਹਿਰਾਂ ਵਿੱਚ ਅੱਜ ਦੇ ਮੌਸਮ ਦਾ ਹਾਲ
ਅੱਜ ਚੰਡੀਗੜ੍ਹ ਵਿੱਚ ਸਵੇਰ ਵੇਲੇ ਧੁੰਦ ਪਈ ਹੈ। ਦਿਨ ਦੇ ਤਾਪਮਾਨ ਵਿੱਚ ਸੁਧਾਰ ਹੋਵੇਗਾ। ਦਿਨ ਭਰ ਕਦੇ ਸੂਰਜ ਤੇ ਕਦੇ ਬੱਦਲ ਛਾਏ ਰਹਿਣਗੇ। ਤਾਪਮਾਨ 5 ਤੋਂ 15 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਮੁਹਾਲੀ ਵਿੱਚ ਧੁੰਦ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਦਿਨ ਭਰ ਬੱਦਲ ਛਾਏ ਰਹਿ ਸਕਦੇ ਹਨ। ਅੱਜ ਦਾ ਤਾਪਮਾਨ 5 ਤੋਂ 15 ਡਿਗਰੀ ਦੇ ਵਿਚਕਾਰ ਰਹਿਣ ਦਾ ਅਨੁਮਾਨ ਹੈ। ਅੰਮ੍ਰਿਤਸਰ ਵਿੱਚ ਅੱਜ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ। ਦਿਨ ਭਰ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਕੋਲਡ ਡੇਅ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ। ਤਾਪਮਾਨ 5 ਤੋਂ 12 ਡਿਗਰੀ ਦੇ ਵਿਚਕਾਰ ਰਹੇਗਾ।


ਇਸੇ ਤਰ੍ਹਾਂ ਜਲੰਧਰ ਦੇ ਤਾਪਮਾਨ 'ਚ ਜ਼ਿਆਦਾ ਬਦਲਾਅ ਨਹੀਂ ਦੇਖਣ ਨੂੰ ਮਿਲੇਗਾ। ਇੱਥੇ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਸੂਰਜ ਨਿਕਲਣ ਦੀ ਸੰਭਾਵਨਾ ਘੱਟ ਹੈ ਤੇ ਦਿਨ ਕਾਫ਼ੀ ਠੰਢਾ ਰਹੇਗਾ। ਤਾਪਮਾਨ 4 ਤੋਂ 13 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਲੁਧਿਆਣਾ ਵਿੱਚ ਅੱਜ ਧੁੰਦ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਭਾਰੀ ਧੁੰਦ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਤੇ ਦਿਨ ਵੇਲੇ ਬੱਦਲਵਾਈ ਹੋ ਸਕਦੀ ਹੈ। ਤਾਪਮਾਨ 4 ਤੋਂ 15 ਡਿਗਰੀ ਦੇ ਵਿਚਕਾਰ ਰਹੇਗਾ।