Amritsar News: ਰਾਮ ਮੰਦਰ ਦੇ ਸਥਾਪਨਾ ਸਮਾਗਮ ਵਿੱਚ ਸ਼ਾਮਲ ਹੋਣ ਲਈ ਪੰਜ ਤਖ਼ਤਾਂ ਦੇ ਜਥੇਦਾਰ ਸਹਿਬਾਨ ਤੇ ਹੋਰ ਸਿੱਖ ਆਗੂਆਂ ਨੂੰ ਦਿੱਤੇ ਗਏ ਸੱਦਾ ਪੱਤਰ ਦਾ ਮਾਮਲਾ ਗਰਮਾ ਗਿਆ ਹੈ। ਸੋਸ਼ਲ ਮੀਡੀਆ ਉੱਪਰ ਇਸ ਬਾਰੇ ਕਾਫੀ ਬਹਿਸ ਚੱਲ ਰਹੀ ਹੈ। ਕੁਝ ਸਿੱਖ ਜਥੇਬੰਦੀਆਂ ਤਖ਼ਤਾਂ ਦੇ ਜਥੇਦਾਰ ਸਹਿਬਾਨ ਨੂੰ ਸਲਾਹ ਦੇਣ ਰਹੀਆਂ ਹਨ ਕਿ ਇਸ ਸਮਾਗਮ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ। ਇਸ ਦੇ ਨਾਲ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਤਾੜਨਾ ਵੀ ਕੀਤੀ ਹੈ।
ਦਰਅਸਲ ਇਸ ਬਾਰੇ ਹਵਾਰਾ ਕਮੇਟੀ ਨੇ ਕਿਹਾ ਹੈ ਕਿ ਇਹ ਇੱਕ ਸਿਆਸੀ ਸਮਾਗਮ ਹੈ, ਜੋ ਲੋਕ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਕਰਵਾਇਆ ਜਾ ਰਿਹਾ ਹੈ। ਇਸ ਲਈ ਜਥੇਦਾਰਾਂ ਨੂੰ ਇਸ ਸਮਾਗਮ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ। ਦੂਜੇ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਹੈ ਕਿ ਇਸ ਮਾਮਲੇ ਵਿੱਚ ਕੋਈ ਵੀ ਵਿਅਕਤੀ ਅਕਾਲ ਤਖ਼ਤ ਦੇ ਹਵਾਲੇ ਨਾਲ ਗੁੰਮਰਾਹਕੁਨ ਪ੍ਰਚਾਰ ਨਾ ਕਰੇ।
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਆਖਿਆ ਹੈ ਕਿ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਦੇ ਧਿਆਨ ਵਿੱਚ ਆਇਆ ਹੈ ਕਿ ਸੋਸ਼ਲ ਮੀਡੀਆ ’ਤੇ ਕੁਝ ਲੋਕ ਸ੍ਰੀ ਅਕਾਲ ਤਖ਼ਤ ਦੇ ਹਵਾਲੇ ਨਾਲ ਰਾਮ ਮੰਦਰ ਉਦਘਾਟਨ ਮੁੱਦੇ ’ਤੇ ਵੱਖ-ਵੱਖ ਤਰ੍ਹਾਂ ਦਾ ਗੁੰਮਰਾਹਕੁਨ ਪ੍ਰਚਾਰ ਕਰ ਰਹੇ ਹਨ। ਇਸ ਤਰ੍ਹਾਂ ਦੀਆਂ ਅਫ਼ਵਾਹਾਂ ਦਾ ਮੰਤਵ ਪੰਥ ਵਿੱਚ ਦੁਬਿਧਾ ਪੈਦਾ ਕਰਨਾ ਹੈ। ਉਨ੍ਹਾਂ ਨੇ ਸੰਗਤ ਨੂੰ ਅਜਿਹੇ ਪ੍ਰਚਾਰ ਤੋਂ ਸੁਚੇਤ ਰਹਿਣ ਲਈ ਕਿਹਾ ਹੈ।
ਦਰਅਸਲ ਹਵਾਰਾ ਕਮੇਟੀ ਦੇ ਆਗੂ ਪ੍ਰੋਫੈਸਰ ਬਲਜਿੰਦਰ ਸਿੰਘ, ਐਡਵੋਕੇਟ ਅਮਰ ਸਿੰਘ ਚਾਹਲ, ਬਾਪੂ ਗੁਰਚਰਨ ਸਿੰਘ, ਬਲਦੇਵ ਸਿੰਘ ਨਵਾਂ ਪਿੰਡ, ਮਹਾਂਵੀਰ ਸਿੰਘ ਸੁਲਤਾਨਵਿੰਡ ਆਦਿ ਨੇ ਆਖਿਆ ਕਿ ਅਯੁੱਧਿਆ ਵਿੱਚ ਬਣੇ ਰਾਮ ਮੰਦਰ ’ਚ 22 ਜਨਵਰੀ ਨੂੰ ਮੂਰਤੀ ਸਥਾਪਨਾ ਪ੍ਰੋਗਰਾਮ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਹੈ ਕਿ ਇਹ ਸਮਾਗਮ ਦੀ ਕਮਾਂਡ ਆਰਐਸਐਸ ਤੇ ਭਾਜਪਾ ਦੇ ਹੱਥਾਂ ਵਿੱਚ ਹੈ, ਜਿਨ੍ਹਾਂ ਦਾ ਮੁੱਖ ਮੰਤਵ ਆ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਵੋਟਾਂ ਦਾ ਧਰੁਵੀਕਰਨ ਕਰਨਾ ਹੈ। ਉਨ੍ਹਾਂ ਕਿਹਾ ਕਿ ਸਿਆਸੀ ਸਮਾਗਮ ਹੋਣ ਕਾਰਨ ਤਖ਼ਤਾਂ ਦੇ ਜਥੇਦਾਰਾਂ ਨੂੰ ਵੀ ਪੰਥਕ ਹਿੱਤਾਂ ਦੀ ਰਾਖੀ ਕਰਦੇ ਹੋਏ ਇਸ ਉਦਘਾਟਨ ਸਮਾਗਮ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ।