Amritsar News: ਨਾਜਾਇਜ਼ ਹਿਰਾਸਤ 'ਚ ਰੱਖਣ ਮਗਰੋਂ ਭੇਤਭਰੀ ਹਾਲਤ ਵਿੱਚ ਲਾਪਤਾ ਕਰਨ ਦੇ ਕੇਸ ਵਿੱਚ ਆਖਰ ਤਿੰਨ ਦਹਾਕਿਆਂ ਮਗਰੋਂ ਇਨਸਾਫ ਮਿਲਿਆ ਹੈ। ਮੁਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਇਸ ਕੇਸ ਵਿੱਚ ਗੋਇੰਦਵਾਲ ਸਾਹਿਬ ਥਾਣੇ ਦੇ ਤਤਕਾਲੀ ਐਸਐਚਓ ਸੁਰਿੰਦਰਪਾਲ ਸਿੰਘ ਨੂੰ 10 ਸਾਲ ਕੈਦ ਤੇ ਦੋ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।


ਹਾਸਲ ਜਾਣਕਾਰੀ ਮੁਤਾਬਕ ਵਿਸ਼ੇਸ਼ ਸੀਬੀਆਈ ਅਦਾਲਤ ਨੇ ਸਾਬਕਾ ਫੌਜੀ ਅਫ਼ਸਰ ਪਿਆਰਾ ਸਿੰਘ, ਉਸ ਦੇ ਪੁੱਤ ਹਰਫੂਲ ਸਿੰਘ ਤੇ ਭਤੀਜੇ ਗੁਰਦੀਪ ਸਿੰਘ ਸਮੇਤ ਇੱਕ ਹੋਰ ਰਿਸ਼ਤੇਦਾਰ ਸਵਰਨ ਸਿੰਘ ਨੂੰ ਘਰੋਂ ਚੁੱਕ ਕੇ ਨਾਜਾਇਜ਼ ਹਿਰਾਸਤ ਵਿੱਚ ਰੱਖਣ ਮਗਰੋਂ ਭੇਤਭਰੀ ਹਾਲਤ ਵਿੱਚ ਲਾਪਤਾ ਕਰਨ ਸਬੰਧੀ ਤਿੰਨ ਦਹਾਕੇ ਤੋਂ ਵੱਧ ਪੁਰਾਣੇ ਇੱਕ ਮਾਮਲੇ ਦਾ ਨਿਬੇੜਾ ਕਰਦਿਆਂ ਗੋਇੰਦਵਾਲ ਸਾਹਿਬ ਥਾਣੇ ਦੇ ਤਤਕਾਲੀ ਐਸਐਚਓ ਸੁਰਿੰਦਰਪਾਲ ਸਿੰਘ ਨੂੰ 10 ਸਾਲ ਕੈਦ ਤੇ ਦੋ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।


ਦੱਸ ਦਈਏ ਕਿ ਇਸ ਮਾਮਲੇ ਵਿੱਚ ਨਾਮਜ਼ਦ ਸੇਵਾਮੁਕਤ ਐਸਐਸਪੀ ਭੁਪਿੰਦਰਜੀਤ ਸਿੰਘ ਵਿਰਕ, ਸਾਬਕਾ ਐਸਐਸਓ ਰਾਮ ਨਾਥ ਤੇ ਥਾਣੇਦਾਰ ਨਾਜ਼ਰ ਸਿੰਘ ਨੂੰ ਸਬੂਤਾਂ ਦੀ ਘਾਟ ਕਾਰਨ ਪਹਿਲਾਂ ਹੀ ਬਰੀ ਕੀਤਾ ਜਾ ਚੁੱਕਾ ਹੈ। ਵਕੀਲਾਂ ਮੁਤਾਬਕ ਦੋਸ਼ੀ ਸੁਰਿੰਦਰਪਾਲ ਸਿੰਘ ਜਸਵੰਤ ਸਿੰਘ ਖਾਲੜਾ ਕੇਸ ਵਿੱਚ ਪਿਛਲੇ 18 ਸਾਲਾਂ ਤੋਂ ਵੱਖ-ਵੱਖ ਮਾਮਲਿਆਂ ਵਿੱਚ ਪਹਿਲਾਂ ਹੀ ਸਜ਼ਾ ਭੁਗਤ ਰਿਹਾ ਹੈ।


ਪੀੜਤ ਪਰਿਵਾਰਾਂ ਦੇ ਵਕੀਲ ਸਰਬਜੀਤ ਸਿੰਘ, ਪੁਸ਼ਪਿੰਦਰ ਸਿੰਘ ਨੱਤ ਤੇ ਜਗਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ 23 ਜੁਲਾਈ 1992 ਵਿੱਚ ਸਾਬਕਾ ਆਰਮੀ ਅਫ਼ਸਰ ਪਿਆਰਾ ਸਿੰਘ, ਉਸ ਦੇ ਬੇਟੇ ਹਰਫੂਲ ਸਿੰਘ, ਭਤੀਜੇ ਗੁਰਦੀਪ ਸਿੰਘ, ਜੋ ਬਿਜਲੀ ਬੋਰਡ ਦਾ ਮੁਲਾਜ਼ਮ ਸੀ ਤੇ ਇੱਕ ਹੋਰ ਰਿਸ਼ਤੇਦਾਰ ਸਵਰਨ ਸਿੰਘ ਨੂੰ ਘਰੋਂ ਚੁੱਕ ਕੇ ਕਈ ਦਿਨਾਂ ਤੱਕ ਨਾਜਾਇਜ਼ ਹਿਰਾਸਤ ਵਿੱਚ ਰੱਖਿਆ ਗਿਆ ਤੇ ਮਗਰੋਂ ਭੇਤਭਰੇ ਢੰਗ ਨਾਲ ਉਨ੍ਹਾਂ ਲਾਪਤਾ ਕਰ ਦਿੱਤਾ।


ਪੁਲਿਸ ਦੀ ਇਸ ਧੱਕੇਸ਼ਾਹੀ ਖ਼ਿਲਾਫ਼ ਪੀੜਤ ਪਰਿਵਾਰ ਲਗਪਗ ਤਿੰਨ ਦਹਾਕਿਆਂ ਤੋਂ ਸਮੇਂ ਦੀ ਸਰਕਾਰਾਂ ਤੇ ਉੱਚ ਅਧਿਕਾਰੀਆਂ ਅੱਗੇ ਇਨਸਾਫ਼ ਦੀਆਂ ਅਪੀਲਾਂ ਕਰਦੇ ਆਏ ਹਨ। ਇਸ ਮਗਰੋਂ ਸਾਬਕਾ ਆਰਮੀ ਅਫ਼ਸਰ ਦੀ ਪਤਨੀ ਜਗੀਰ ਕੌਰ ਨੇ 1996 ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਬੂਹਾ ਖੜਕਾਇਆ ਤੇ ਉੱਚ ਅਦਾਲਤ ਨੇ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ, ਜਿਸ ਮਗਰੋਂ ਸੀਬੀਆਈ ਨੇ ਗੋਬਿੰਦਵਾਲ ਸਾਹਿਬ ਦੇ ਤਤਕਾਲੀ ਐਸਐਚਓ ਸੁਰਿੰਦਰਪਾਲ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ।


ਇਹ ਵੀ ਪੜ੍ਹੋ: Hemkund Sahib Yatra: ਹੇਮਕੁੰਟ ਸਾਹਿਬ ਦੀ ਯਾਤਰਾ 20 ਮਈ ਤੋਂ ਹੋਏਗੀ ਸ਼ੁਰੂ


ਇਸ ਮਾਮਲੇ ਵਿੱਚ ਤਤਕਾਲੀ ਡੀਐਸਪੀ ਭੁਪਿੰਦਰਜੀਤ ਸਿੰਘ ਵਿਰਕ (ਹੁਣ ਸੇਵਾਮੁਕਤ ਐਸਐਸਪੀ), ਵੇਰੋਵਾਲ ਥਾਣਾ ਦੇ ਤਤਕਾਲੀ ਐਸਐਚਓ ਰਾਮ ਨਾਥ ਸਿੰਘ, ਤਤਕਾਲੀ ਥਾਣੇਦਾਰ ਨਾਜਰ ਸਿੰਘ ਵੀ ਨਾਮਜ਼ਦ ਕੀਤੇ ਗਏ ਸਨ। ਬੁੱਧਵਾਰ ਨੂੰ ਖੁੱਲ੍ਹੀ ਅਦਾਲਤ ਵਿੱਚ ਜੱਜ ਸਾਹਿਬ ਨੇ ਤਤਕਾਲੀ ਐਸਐਚਓ ਸੁਰਿੰਦਰਪਾਲ ਸਿੰਘ ਨੂੰ ਸਜ਼ਾ ਸੁਣਾਈ ਤੇ ਬਾਕੀ ਮੁਲਜ਼ਮਾਂ ਨੂੰ ਬਰੀ ਕੀਤਾ ਹੈ।


ਇਹ ਵੀ ਪੜ੍ਹੋ: Sarbat Khalsa: ਅੰਮ੍ਰਿਤਪਾਲ ਸਿੰਘ ਦੀ ਅਪੀਲ ਖਾਰਜ? ਜਥੇਦਾਰ ਵੱਲੋਂ ਨਹੀਂ ਬੁਲਾਇਆ ਜਾਏਗਾ 'ਸਰਬੱਤ ਖਾਲਸਾ'?