Yoga Girl Archana Makwana: ਸ੍ਰੀ ਹਰਿਮੰਦਰ ਸਾਹਿਬ ਵਿਖੇ ਯੋਗ ਆਸਣ ਕਰਨ ਵਾਲੀ ਵਡਦਰਾ ਵਾਸੀ ਅਰਚਨਾ ਮਕਵਾਨਾ ਬੀਤੇ ਦਿਨ ਪੁਲੀਸ ਜਾਂਚ ਵਿੱਚ ਸ਼ਾਮਲ ਨਹੀਂ ਹੋਈ ਹੈ। ਪੁਲੀਸ ਵੱਲੋਂ ਹੁਣ ਉਸ ਨੂੰ ਇਸ ਮਾਮਲੇ ਸਬੰਧੀ ਦੂਜਾ ਨੋਟਿਸ ਭੇਜਿਆ ਜਾਵੇਗਾ। ਸ਼੍ਰੋਮਣੀ ਕਮੇਟੀ ਦੀ ਸ਼ਿਕਾਇਤ 'ਤੇ ਥਾਣਾ ਈਂ ਡਿਵੀਜ਼ਨ ਦੀ ਪੁਲੀਸ ਨੇ ਅਰਚਨਾ ਮਕਵਾਨਾ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 295ਏ ਤਹਿਤ ਕੇਸ ਦਰਜ ਕੀਤਾ ਹੈ।


ਐੱਸਐੱਚਓ ਹਰਸੰਦੀਪ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਅਰਚਨਾ ਨੂੰ ਧਾਰਾ 41ਏ ਸੀਆਰਪੀਸੀ ਤਹਿਤ 30 ਜੂਨ ਤੱਕ ਪੇਸ਼ ਹੋਣ ਦਾ ਨੋਟਿਸ ਜਾਰੀ ਕੀਤਾ ਗਿਆ ਸੀ ਪਰ  ਉਹ ਪੇਸ਼ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਨਾ ਤਾਂ ਉਸ ਨੇ ਅਤੇ ਨਾ ਹੀ ਉਸ ਦੇ ਕਿਸੇ ਕਾਨੂੰਨੀ ਪ੍ਰਤੀਨਿਧ ਨੇ ਪੁਲੀਸ ਨਾਲ ਸੰਪਰਕ ਕੀਤਾ ਹੈ। 



ਕੀ ਕਹਿੰਦਾ ਹੈ ਕਾਨੂੰਨ ?


ਉਨ੍ਹਾਂ ਦੱਸਿਆ ਕਿ ਨਿਯਮਾਂ ਅਨੁਸਾਰ ਐੱਫਆਈਆਰ ਵਿੱਚ ਨਾਮਜ਼ਦ ਵਿਅਕਤੀ ਨੂੰ ਜਾਂਚ ਵਿੱਚ ਸ਼ਾਮਿਲ ਹੋਣ ਲਈ ਤਿੰਨ ਨੋਟਿਸ ਭੇਜੇ ਜਾਂਦੇ ਹਨ। ਉਸ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਪਹਿਲਾ ਨੋਟਿਸ ਭੇਜਿਆ ਗਿਆ ਸੀ ਪਰ ਉਸ ਨੇ ਪਾਲਣਾ ਨਹੀਂ ਕੀਤੀ। ਪੁਲੀਸ ਉਸ ਨੂੰ ਦੋ ਹੋਰ ਨੋਟਿਸ ਭੇਜੇਗੀ, ਜੇ ਉਹ ਤਿੰਨੋਂ ਨੋਟਿਸਾਂ ਨੂੰ ਸਵੀਕਾਰ ਨਹੀਂ ਕਰਦੀ ਤਾਂ ਫਿਰ ਗ੍ਰਿਫਤਾਰੀ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। 


ਇਸ ਤੋਂ ਪਹਿਲਾਂ ਅਰਚਨਾ ਮਕਵਾਨਾਂ ਨੇ ਆਪਣੀ ਇੱਕ ਵੀਡੀਓ ਰਾਹੀਂ ਸ਼੍ਰੋਮਣੀ ਕਮੇਟੀ ਨੂੰ ਚਿਤਾਵਨੀ ਦਿੱਤੀ ਸੀ ਕਿ ਜੇ ਸਿੱਖ ਸੰਸਥਾ ਨੇ ਉਸ ਖ਼ਿਲਾਫ਼ ਦਰਜ ਕਰਵਾਇਆ ਕੇਸ ਵਾਪਸ ਨਾ ਲਿਆ ਤਾਂ ਉਹ ਸ਼੍ਰੋਮਣੀ ਕਮੇਟੀ ਦੇ ਖ਼ਿਲਾਫ਼ ਅਦਾਲਤ ਵਿੱਚ ਕਾਨੂੰਨੀ ਕਾਰਵਾਈ ਕਰੇਗੀ। 


 ਇਹ ਮਾਮਲਾ 21 ਜੂਨ ਕੌਮਾਂਤਰੀ ਯੋਗ ਦਿਵਸ ਦਾ ਹੈ, ਜਦੋਂ ਗੁਜਰਾਤ ਦੇ ਵਡੋਦਰਾ ਦੀ ਵਾਸੀ ਅਰਚਨਾ ਮਕਵਾਨਾ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਯੋਗ ਆਸਣ ਕੀਤਾ ਸੀ।