Amritsar News: ਅੰਮਿਤਸਰ ਵਿੱਚ ਦੇਰ ਰਾਤ ਇੱਕ ਪ੍ਰਾਪਰਟੀ ਡੀਲਰ ਦੀ ਦੁਕਾਨ 'ਤੇ ਬੈਠੇ ਪਿਓ-ਪੁੱਤ 'ਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੇ ਚਲਦਿਆਂ ਦੋਵੇਂ ਗੰਭੀਰ ਰੂਪ ਜ਼ਖ਼ਮੀ ਹੋਏ ਅਤੇ ਉਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਵੀ ਦਾਖ਼ਲ ਕਰਵਾਇਆ ਗਿਆ। ਪੁਲਿਸ ਅਧਿਕਾਰੀਆਂ ਨੇ ਮੌਕੇ 'ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ।
ਇਸ ਮੌਕੇ ਪੀੜਤ ਪਰਿਵਾਰ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਉਹ ਜਸਪਾਲ ਨਗਰ ਸੁਲਤਾਨਵਿੰਡ ਰੋਡ ਦੇ ਰਹਿਣ ਵਾਲੇ ਹਨ ਅਤੇ ਉਹ ਪ੍ਰੋਪਰਟੀ ਡੀਲਰ ਦਾ ਕੰਮ ਕਰਦੇ ਹਨ। ਕੁਝ ਵਿਅਕਤੀਆਂ ਵੱਲੋਂ ਉਨ੍ਹਾਂ ਦੀ ਦੁਕਾਨ 'ਤੇ ਕਬਜ਼ੇ ਦੀ ਨੀਅਤ ਨਾਲ ਦੇਰ ਰਾਤ ਤੇਜ਼ਦਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ। ਉਨ੍ਹਾਂ ਦੱਸਿਆ ਕਿ ਕਰੀਬ 10 ਤੋਂ 12 ਅਣਪਛਾਤੇ ਵਿਅਕਤੀ ਸਨ ਜਿਨਾਂ ਨੇ ਮੂੰਹ ਢੱਕੇ ਹੋਏ ਸਨ ਅਤੇ ਉਨ੍ਹਾਂ ਨੇ ਸਾਡੀ ਦੁਕਾਨ 'ਤੇ ਆ ਕੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ।
ਉਨ੍ਹਾਂ ਨੇ ਮੇਰੇ ਪੁੱਤਰ ਅਤੇ ਮੈਨੂੰ ਗੰਭੀਰ ਰੂਪ ਨਾਲ ਜ਼ਖ਼ਮੀ ਕਰ ਦਿੱਤਾ। ਪੀੜਤ ਗੁਰਬਚਨ ਸਿੰਘ ਨੇ ਦੱਸਿਆ ਕਿ ਜਿਹੜੀ ਇਹ ਪ੍ਰਾਪਰਟੀ ਡੀਲਰ ਦੀ ਦੁਕਾਨ ਹੈ ਉਨ੍ਹਾਂ ਨੇ ਉਹ ਦੁਕਾਨ ਲਾਲ ਸਿੰਘ ਸਪੁੱਤਰ ਜੋਤਾ ਸਿੰਘ ਕੋਲੋਂ 2011 ਵਿੱਚ ਲਈ ਸੀ ਜਿਸ ਦੇ ਚਲਦਿਆਂ ਲਾਭ ਸਿੰਘ ਅਤੇ ਉਸ ਦੇ ਪੁੱਤਰਾਂ ਨੇ ਦੁਕਾਨ 'ਤੇ ਕਬਜੇ ਦੀ ਨੀਅਤ ਨਾਲ ਹਮਲਾ ਕੀਤਾ।ਗੁਰਬਚਨ ਸਿੰਘ ਨੇ ਦੱਸਿਆ ਕਿ ਅਸੀਂ ਇਸ ਦੁਕਾਨ ਦਾ ਕੇਸ ਵੀ ਅਦਾਲਤ ਵਿੱਚੋਂ ਜਿੱਤ ਚੁੱਕੇ ਹਾਂ ਪਰ ਬਾਰ-ਬਾਰ ਸਾਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ।
ਦੇਰ ਰਾਤ ਲਾਭ ਸਿੰਘ ਤੇ ਉਸ ਦੇ ਪੁੱਤਰਾਂ ਵੱਲੋਂ ਆਪਣੇ ਨਾਲ ਕਈ ਸਾਥੀਆਂ ਨੂੰ ਲਿਆ ਕੇ ਸਾਡੀ ਦੁਕਾਨ 'ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਅਤੇ ਸਾਡੀ ਦੁਕਾਨ ਤੋਂ ਮੇਰਾ ਪਰਸ, ਜਿਸ ਵਿੱਚ 20 ਹਜ਼ਾਰ ਰੁਪਏ ਸਨ ਅਤੇ ਮੇਰਾ ਮੋਬਾਈਲ ਫੋਨ ਵੀ ਨਾਲ ਲੈ ਕੇ ਚਲੇ ਗਏ। ਉੱਥੇ ਹੀ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ।
ਇਸ ਮੌਕੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਸਪਾਲ ਨਗਰ ਵਿੱਚ ਰਹਿਣ ਵਾਲੇ ਪ੍ਰਾਪਰਟੀ ਡੀਲਰ ਗੁਰਭਚਨ ਸਿੰਘ ਤੇ ਉਸਦੇ ਪੁੱਤਰ ਤੇ ਕੁਝ ਲੋਕਾਂ ਵੱਲੋਂ ਹਮਲਾ ਕੀਤਾ ਗਿਆ। ਉਨ੍ਹਾਂ ਨੂੰ ਹਸਪਤਾਲ ਵਿੱਚ ਇਲਾਜ ਦੇ ਲਈ ਲਿਆਂਦਾ ਗਿਆ ਹੈ ਡਾਕਟਰਾਂ ਦੀ ਰਿਪੋਰਟ ਤੋਂ ਬਾਅਦ ਜੋ ਵੀ ਬਣਦੀ ਕਾਰਵਾਈ ਉਹ ਕੀਤੀ ਜਾਵੇਗੀ।
ਇਹ ਵੀ ਪੜ੍ਹੋ: Punjab News: ਖੇਤਾਂ 'ਚ ਨਾੜ ਦੀ ਫਸਲ ਨੂੰ ਲੱਗੀ ਅੱਗ, 250 ਏਕੜ ਜ਼ਮੀਨ ਸੜ ਕੇ ਹੋਈ ਸੁਆਹ