Amritsar News: ਅੰਮ੍ਰਿਤਸਰ ਦੇ ਚਾਟੀਵਿੰਡ ਇਲਾਕੇ ਵਿੱਚ ਸਥਿਤ ਇੱਕ ਫੈਕਟਰੀ ਵਿੱਚ ਪੁਲਿਸ ਨੇ ਛਾਪਾ ਮਾਰਿਆ ਤਾਂ ਅਤੇ ਉੱਥੋਂ ਸ਼ੱਕੀ ਮਾਸ ਬਰਾਮਦ ਹੋਇਆ। ਇਸ ਦੌਰਾਨ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਹ ਕਾਰਵਾਈ ਗਊ ਰਕਸ਼ਾ ਦਲ ਦੀ ਜਾਣਕਾਰੀ ਦੇਣ ਤੋਂ ਬਾਅਦ ਕੀਤੀ ਗਈ।
ਪੁਲਿਸ ਅਤੇ ਗਊ ਰਕਸ਼ਾ ਦਲ ਦੀ ਟੀਮ ਨੇ ਫੈਕਟਰੀ ਦਾ ਤਾਲਾ ਤੋੜ ਕੇ ਤਲਾਸ਼ੀ ਲਈ ਤਾਂ ਇੱਕ ਵੱਡੇ ਫਰਿੱਜ ਵਿੱਚੋਂ 165 ਪੇਟੀਆਂ ਮਾਸ ਦੀਆਂ ਮਿਲੀਆਂ। ਹਾਲਾਂਕਿ ਹਾਲੇ ਤੱਕ ਇਹ ਪਤਾ ਨਹੀਂ ਲੱਗਿਆ ਹੈ ਕਿ ਇਹ ਮਾਂਸ ਗਾਂ ਦਾ ਹੈ ਜਾਂ ਨਹੀਂ।
ਚਾਟੀਵਿੰਡ ਪੁਲਿਸ ਸਟੇਸ਼ਨ ਇੰਚਾਰਜ ਨੇ ਦੱਸਿਆ ਕਿ ਬਰਾਮਦ ਕੀਤੇ ਗਏ ਸਾਮਾਨ ਨੂੰ ਹਿਰਾਸਤ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਸਬੰਧਤ ਫੈਕਟਰੀ ਲੀਜ਼ 'ਤੇ ਚਲਾਈ ਜਾ ਰਹੀ ਸੀ, ਅਤੇ ਹੋਰ ਜਾਂਚ ਜਾਰੀ ਹੈ।
ਗਊ ਰਕਸ਼ਾ ਦਲ ਦੇ ਰਾਸ਼ਟਰੀ ਪ੍ਰਧਾਨ ਸਤੀਸ਼ ਕੁਮਾਰ ਨੇ ਦਾਅਵਾ ਕੀਤਾ ਕਿ ਇਹ ਫੈਕਟਰੀ ਇਮਰਾਨ ਨਾਮ ਦੇ ਵਿਅਕਤੀ ਦੀ ਹੈ, ਜਿਸ ਦੀ ਪਹਿਲਾਂ ਜਲੰਧਰ ਵਿੱਚ ਇੱਕ ਯੂਨਿਟ ਸੀ। ਉੱਥੇ ਛਾਪੇਮਾਰੀ ਤੋਂ ਬਾਅਦ, ਉਸ ਨੇ ਕਥਿਤ ਤੌਰ 'ਤੇ ਸਾਰਾ ਸਾਮਾਨ ਅੰਮ੍ਰਿਤਸਰ ਲਿਆਂਦਾ ਅਤੇ ਇੱਥੇ ਇੱਕ ਨਵਾਂ ਸੈੱਟਅੱਪ ਸ਼ੁਰੂ ਕੀਤਾ।
ਸਤੀਸ਼ ਕੁਮਾਰ ਨੇ ਇਸ ਨੂੰ ਗਊ ਮਾਤਾ ਦਾ ਅਪਮਾਨ ਦੱਸਦਿਆਂ ਹੋਇਆਂ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਉਸ ਨੇ ਗਊ ਰਕਸ਼ਕਾਂ ਲਈ ਇੱਕ ਵੱਖਰੀ ਸੁਰੱਖਿਆ ਬਲ ਬਣਾਉਣ ਦੀ ਵੀ ਵਕਾਲਤ ਕੀਤੀ ਹੈ। ਥਾਣਾ ਚਾਟੀਵਿੰਡ ਦੀ ਐਸਐਚਓ ਹਰਸਿਮਰਨਪ੍ਰੀਤ ਕੌਰ ਦੇ ਅਨੁਸਾਰ, ਉਨ੍ਹਾਂ ਨੂੰ ਸਵੇਰੇ ਸ਼ਿਵ ਸੈਨਾ ਦੇ ਅਧਿਕਾਰੀਆਂ ਤੋਂ ਸੂਚਨਾ ਮਿਲੀ ਕਿ ਇਲਾਕੇ ਵਿੱਚ ਇੱਕ ਗਊ ਮਾਂਸ ਦੀ ਫੈਕਟਰੀ ਚੱਲ ਰਹੀ ਹੈ। ਤੁਰੰਤ ਕਾਰਵਾਈ ਕਰਦਿਆਂ ਹੋਇਆਂ ਉਨ੍ਹਾਂ ਨੇ ਫੈਕਟਰੀ 'ਤੇ ਛਾਪਾ ਮਾਰਿਆ ਅਤੇ ਉਸ ਦਾ ਤਾਲਾ ਤੋੜ ਦਿੱਤਾ। ਜਿਸ ਤੋਂ ਬਾਅਦ ਉਨ੍ਹਾਂ ਨੇ ਉੱਥੋਂ ਮਿਲੀਆਂ ਚੀਜ਼ਾਂ ਨੂੰ ਜ਼ਬਤ ਕਰ ਲਿਆ ਅਤੇ ਮੌਕੇ ਤੋਂ ਪੰਜ ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ।
ਇਸ ਫੈਕਟਰੀ ਦਾ ਮਾਲਕ ਕੌਣ ਹੈ, ਇਹ ਪਤਾ ਲਗਾਉਣ ਲਈ ਜਾਂਚ ਅਜੇ ਵੀ ਜਾਰੀ ਹੈ ਅਤੇ ਦੋਸ਼ੀ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਫਿਲਹਾਲ, ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਮਾਸ ਦੀ ਪ੍ਰਕਿਰਤੀ ਬਾਰੇ ਅਧਿਕਾਰਤ ਪੁਸ਼ਟੀ ਕੀਤੀ ਜਾਵੇਗੀ।