Punjab news: ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦਾਸਪੁਰ 'ਚ ਵਿਕਾਸ ਕ੍ਰਾਂਤੀ ਰੈਲੀ 'ਚ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ 1854 ਕਰੋੜ ਰੁਪਏ ਦੀਆਂ ਵਿਕਾਸ ਯੋਜਨਾਵਾਂ ਸ਼ੁਰੂ ਕੀਤੀਆਂ। ਹਾਲਾਂਕਿ ਇਸ ਮੌਕੇ ਭਗਵੰਤ ਮਾਨ ਨੇ ਮੁੜ ਬਿਕਰਮ ਸਿੰਘ ਮਜੀਠੀਆ ਉੱਤੇ ਨਿਸ਼ਾਨਾ ਸਾਧਿਆ ਹੈ।


ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇੱਕ ਬਿਨਾਂ ਫ਼ੌਜਾਂ ਵਾਲਾ ਮਾਝੇ ਦਾ ਜਰਨੈਲ ਹੈ, ਜਿਨ੍ਹਾਂ ਨੇ ਜਰਨਲ ਡਾਇਰ ਨੂੰ ਰੋਟੀ ਖਵਾਈ, ਕਤਲੇਆਮ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫੀ ਦਵਾਈ, ਚਿੱਟੇ ਨਾਲ ਪੰਜਾਬ ਵਿੱਚ ਚਿੱਟੇ ਸੱਧਰ ਵਿਛਾ ਦਿੱਤੇ। ਇਸ ਮੌਕੇ ਮਾਨ ਨੇ ਮੁੜ ਤੋਂ ਅਰਬੀ ਘੋੜਿਆਂ ਦਾ ਜ਼ਿਕਰ ਕੀਤਾ।






ਅਰਬੀ ਘੋੜੇ ਆਏ ਤਾਂ ਸੀ ਪਰ ਗਏ ਕਿੱਥੇ ? ਮਾਨ


ਮਾਨ ਨੇ ਕਿਹਾ ਕਿ ਅੱਜ ਵੀ ਜੇ ਕੋਈ ਮੇਰਠ ਵਾਲੀ ਅਕੈਡਮੀ ਵਿੱਚ ਪੱਗ ਬੰਨ੍ਹ ਕੇ ਚਲਾ ਜਾਵੇ ਤਾਂ ਉਹ ਘੋੜਾ ਚੋਰ ਕਹਿੰਦੇ ਹਨ। ਇਨ੍ਹਾਂ ਨੇ ਪੰਜਾਬ ਦੀ ਇਹ ਇੱਜ਼ਤ ਬਣਾਈ ਹੈ। ਮਾਨ ਨੇ ਵਿਰੋਧੀਆਂ ਨੂੰ ਸਵਾਲ ਪੁੱਛਦਿਆਂ ਕਿਹਾ ਕਿ ਤੁਸੀਂ ਸਾਡੇ ਤੋਂ ਹਿਸਾਬ ਮੰਗਦੇ ਹੋ, ਤੁਸੀਂ ਪਹਿਲਾਂ ਇਹ ਦੱਸੋ ਕਿ ਕਿਸ ਦਿਨ ਪੰਜਾਬ ਦੇ ਹੱਕ ਵਿੱਚ ਖੜ੍ਹੇ ਸੀ, ਤੁਸੀਂ ਸਿਰਫ਼ ਪੰਜਾਬ ਨੂੰ ਲੁੱਟਿਆ ਹੈ।


ਜ਼ਿਕਰ ਕਰ ਦਈਏ ਕਿ ਬੀਤੇ ਦਿਨ ਮਾਨ ਨੇ ਕਿਹਾ ਕਿ 1957 ਵਿੱਚ ਜਦੋਂ ਭਾਰਤ ਵਿੱਚ ਵੋਟਿੰਗ ਹੋਈ ਸੀ ਤਾਂ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਅਗਵਾਈ ਵਿੱਚ ਇੱਕ ਵਫ਼ਦ ਅਰਬ ਦੇਸ਼ਾਂ ਵਿੱਚ ਗਿਆ ਸੀ। ਉੱਥੋਂ ਦੇ ਰਾਜੇ ਨੇ ਅਰਬੀ ਨਸਲ ਦੇ ਘੋੜੇ ਵਫ਼ਦ ਨੂੰ ਦਿੱਤੇ ਤਾਂ ਜੋ ਭਾਰਤੀ ਫ਼ੌਜ ਉਨ੍ਹਾਂ ਨੂੰ ਆਪਣੀ ਰੱਖਿਆ ਸੈਨਾ ਵਿੱਚ ਸ਼ਾਮਲ ਕਰ ਸਕੇ।


 ਸੀਐਮ ਨੇ ਕਿਹਾ ਕਿ ਇਸ ਵਫਦ ਵਿੱਚ ਉਪ ਰੱਖਿਆ ਮੰਤਰੀ ਸੁਰਜੀਤ ਸਿੰਘ ਮਜੀਠੀਆ ਵੀ ਸਨ ਜੋ ਬਿਕਰਮ ਮਜੀਠੀਆ ਦੇ ਪੁਰਖੇ ਸਨ। ਨਿਯਮਾਂ ਮੁਤਾਬਕ ਉਨ੍ਹਾਂ ਘੋੜਿਆਂ ਨੂੰ ਮੇਰਠ ਪਹੁੰਚਣਾ ਚਾਹੀਦਾ ਸੀ ਪਰ ਦੋ ਮਹੀਨਿਆਂ ਬਾਅਦ ਜਦੋਂ ਅਰਬ ਦੇ ਬਾਦਸ਼ਾਹ ਨੇ ਫੋਨ ਕਰਕੇ ਪੁੱਛਿਆ ਕਿ ਘੋੜੇ ਕਿੱਥੇ ਹਨ ਤਾਂ ਭਾਰਤ ਸਰਕਾਰ ਨੇ ਕਿਹਾ ਕਿ ਉਹ ਮੇਰਠ ਤੋਂ ਪਤਾ ਕਰਕੇ ਦੋ ਘੰਟੇ ਦੇ ਅੰਦਰ ਦੱਸਦੇ ਹਨ।


ਇਸ ਮਗਰੋਂ ਦੋ ਘੰਟੇ ਬਾਅਦ ਅਰਬ ਦੇ ਰਾਜੇ ਨੂੰ ਸੂਚਿਤ ਕੀਤਾ ਗਿਆ ਕਿ ਘੋੜੇ ਮੇਰਠ ਨਹੀਂ ਪਹੁੰਚੇ ਤੇ ਕਿਸੇ ਨਿੱਜੀ ਕੰਮ ਲਈ ਚਲੇ ਗਏ ਹਨ। ਇਸ ਤੋਂ ਬਾਅਦ ਅਰਬ ਦੇਸ਼ ਦੇ ਬਾਦਸ਼ਾਹ ਨੇ ਪ੍ਰਧਾਨ ਮੰਤਰੀ ਨਹਿਰੂ ਨੂੰ ਫੋਨ ਕਰਕੇ ਇਤਰਾਜ਼ ਪ੍ਰਗਟਾਇਆ। ਫਿਰ ਨਹਿਰੂ ਨੇ ਮਜੀਠੀਆ ਨੂੰ ਫੋਨ ਕਰਕੇ ਅਸਤੀਫਾ ਦੇਣ ਲਈ ਕਿਹਾ। ਅੱਜ ਜਦੋਂ ਵੀ ਕੋਈ ਪੱਗ ਵਾਲਾ ਮੇਰਠ ਜਾਂਦਾ ਹੈ ਤਾਂ ਉਸ ਨੂੰ ਘੋੜਾ ਚੋਰ ਕਿਹਾ ਜਾਂਦਾ ਹੈ।