Amritsar News: ਪੰਜਾਬ ਵਿੱਚ ਪੈ ਰਹੀ ਕੜਾਕੇ ਦੀ ਠੰਢ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਲਈ ਆਉਣ ਵਾਲੇ ਸ਼ਰਧਾਲੂਆਂ ਲਈ ਪ੍ਰਬੰਧਕਾਂ ਵੱਲੋਂ ਇੱਥੇ ਠੰਢ ਤੋਂ ਬਚਣ ਵਾਸਤੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਪ੍ਰਬੰਧਕਾਂ ਵੱਲੋਂ ਪੈਰ ਧੋਣ ਲਈ ਗਰਮ ਪਾਣੀ ਦੇ ਪ੍ਰਬੰਧ ਤੋਂ ਇਲਾਵਾ ਫਰਸ਼ ਉੱਪਰ ਮੈਟ ਤੇ ਗਲੀਚੇ ਵਿਛਾਏ ਹਨ।
ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਦੱਸਿਆ ਕਿ ਗੁਰੂਘਰ ਆਉਣ ਵਾਲੇ ਸ਼ਰਧਾਲੂਆਂ ਨੂੰ ਠੰਢ ਤੋਂ ਬਚਾਉਣ ਵਾਸਤੇ ਵਿਸ਼ੇਸ਼ ਪ੍ਰਬੰਧ ਵੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਗੁਰੂਘਰ ਅੰਦਰ ਦਾਖਲ ਹੋਣ ਤੋਂ ਪਹਿਲਾਂ ਸ਼ਰਧਾਲੂਆਂ ਦੇ ਪੈਰ ਧੋਣ ਲਈ ਗਰਮ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਸਮੁੱਚੀ ਪਰਿਕਰਮਾ ਵਿੱਚ ਹਰੇ ਰੰਗ ਦੇ ਮੈਟ ਵਿਛਾਏ ਗਏ ਹਨ ਤਾਂ ਜੋ ਸ਼ਰਧਾਲੂਆਂ ਨੂੰ ਪਰਿਕਰਮਾ ਵਿੱਚ ਚੱਲਣ ਸਮੇਂ ਠੰਢ ਤੋਂ ਬਚਾਇਆ ਜਾ ਸਕੇ।
ਇਸ ਤੋਂ ਇਲਾਵਾ ਦਰਸ਼ਨੀ ਡਿਉੜੀ ਤੋਂ ਲੈ ਕੇ ਸਮੁੱਚੇ ਪੁਲ, ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਤੇ ਆਲੇ-ਦੁਆਲੇ, ਪਹਿਲੀ ਤੇ ਦੂਜੀ ਮੰਜ਼ਿਲ ਤੇ ਵਿਸ਼ੇਸ਼ ਨਵੇਂ ਮੋਟੇ ਗਲੀਚੇ ਵਿਛਾਏ ਗਏ ਹਨ। ਸ਼੍ਰੀ ਅਕਾਲ ਤਖਤ ਤੇ ਇਸ ਦੇ ਨੇੜਲੇ ਗੁਰਦੁਆਰਿਆਂ ਵਿੱਚ ਵੀ ਇਸੇ ਤਰ੍ਹਾਂ ਦੇ ਗਲੀਚੇ ਵਿਛਾਏ ਗਏ ਹਨ।
ਸ੍ਰੀ ਹਰਿਮੰਦਰ ਸਾਹਿਬ ਦੀਆਂ ਉਪਰਲੀਆਂ ਮੰਜ਼ਿਲਾਂ ’ਤੇ ਬਣੀਆਂ ਖਿੜਕੀਆਂ ਨੂੰ ਬੰਦ ਰੱਖਿਆ ਜਾ ਰਿਹਾ ਹੈ। ਪਰਿਕਰਮਾ ਤੇ ਵਰਾਂਡਿਆਂ ’ਚ ਸ਼ਰਧਾਲੂਆਂ ਦੇ ਬੈਠਣ ਲਈ ਵਿਸ਼ੇਸ਼ ਗਲੀਚੇ ਵਿਛਾਏ ਗਏ ਹਨ। ਪਰਿਕਰਮਾ ਤੋਂ ਬਾਹਰ ਚਾਰੋਂ ਪਾਸੇ ਬਣੇ ਗੇਟਾਂ ਦੇ ਕੋਲ ਚਾਹ ਦੇ ਲੰਗਰ ਵੀ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਲੰਗਰ ਹਾਲ ਵਿੱਚ ਵੀ ਵਿਸ਼ੇਸ਼ ਮੈਟ ਵਿਛਾਏ ਜਾ ਰਹੇ ਹਨ।
ਇਸ ਦੇ ਨਾਲ ਹੀ ਪਿਛਲੇ ਲਗਪਗ ਤਿੰਨ ਹਫਤਿਆਂ ਤੋਂ ਪੈ ਰਹੀ ਹੱਡ-ਚੀਰਵੀਂ ਠੰਢ ਤੇ ਧੁੰਦ ਕਾਰਨ ਗੁਰੂਘਰ ਵਿਖੇ ਨਤਮਸਤਕ ਹੋਣ ਵਾਸਤੇ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵੀ ਘਟੀ ਹੈ। ਪ੍ਰਬੰਧਕਾਂ ਮੁਤਾਬਕ ਨੇੜਲੇ ਇਲਾਕਿਆਂ ਤੇ ਪੰਜਾਬ ਵਿਚਲੇ ਸ਼ਰਧਾਲੂਆਂ ਦੀ ਗਿਣਤੀ ਵਿੱਚ ਕੋਈ ਕਮੀ ਨਹੀਂ ਆਈ ਪਰ ਦੂਰ-ਦੁਰਾਡੇ ਤੋਂ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਘਟੀ ਹੈ।
ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਨੇ ਦੱਸਿਆ ਕੇ ਪਹਿਲਾਂ ਆਮ ਦਿਨਾਂ ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੜਾਹ ਪ੍ਰਸ਼ਾਦ ਲਈ ਲਗਪਗ ਅੱਠ ਕੁਇੰਟਲ ਤੋਂ ਵੱਧ ਦੇਸੀ ਘਿਓ ਦੀ ਵਰਤੋਂ ਹੋ ਰਹੀ ਸੀ ਪਰ ਇਸ ਵੇਲੇ ਪੰਜ ਕੁਇੰਟਲ ਦੇਸੀ ਘਿਓ ਦੀ ਵਰਤੋਂ ਹੋ ਰਹੀ ਹੈ। ਇਸੇ ਤਰ੍ਹਾਂ ਨੇੜੇ ਸਥਿਤ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦ ਵਿਖੇ ਕੜਾਹ-ਪ੍ਰਸ਼ਾਦ ਦੀ ਵਟਕ ਵਿੱਚ ਕਮੀ ਆਈ ਹੈ। ਬੀਤੇ ਦਿਨ ਕੜਾਹ ਪ੍ਰਸ਼ਾਦ ਦੀ ਵਟਕ ਲਗਪਗ ਪੌਣੇ ਤਿੰਨ ਲੱਖ ਰੁਪਏ ਸੀ ਜਦਕਿ ਪਹਿਲਾਂ ਇਹ ਵਟਕ ਸਾਢੇ 3 ਲੱਖ ਰੁਪਏ ਤੱਕ ਸੀ।