Amritsar News: ਸ਼ਹਿਰ ਦੀਆਂ ਸੜਕਾਂ ਉਤੇ ਸ਼ਹਿਰ ਦੇ ਪ੍ਰਮੁੱਖ ਸਥਾਨਾਂ ਨੂੰ ਦਰਸਾਉਂਦੇ ਵੱਡ ਅਕਾਰੀ ਬੋਰਡ ਲਗਾਏ ਜਾਣ, ਤਾਂ ਜੋ ਇਥੇ ਆ ਰਹੇ ਸ਼ਰਧਾਲੂਆਂ ਨੂੰ ਰਸਤਾ ਲੱਭਣ ਵਿੱਚ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਗੁਰਜੀਤ ਸਿੰਘ ਔਜਲਾ ਮੈਂਬਰ ਲੋਕ ਸਭਾ ਨੇ ਅੱਜ ਵਿਕਾਸ ਕੰਮਾਂ ਦਾ ਰੀਵਿਊ ਕਰਨ ਲਈ ਜਿਲ੍ਹਾ ਵਿਕਾਸ ਤੇ ਕੁਆਰਡੀਨੇਸ਼ਨ ਅਤੇ ਮੁਲਾਂਕਣ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਔਜਲਾ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਜੋਰ ਦੇ ਕੇ ਕਿਹਾ ਕਿ ਸ਼ਹਿਰ ਵਿੱਚ ਸਫਾਈ ਦਾ ਸਥਾਈ ਪ੍ਰਬੰਧ ਯਕੀਨੀ ਬਣਾਇਆ ਜਾਵੇ ।
ਉਨ੍ਹਾਂ ਕਿਹਾ ਕਿ ਸ਼ਹਿਰ ਵਿਖੇ ਰੋਜਾਨਾ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਆਉਂਦੇ ਹਨ, ਉਨ੍ਹਾਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦੇ ਹੋਏੇ ਹੈਰੀਟੇਜ ਸਟਰੀਟ ਸਮੇਤ ਪ੍ਰਮੁੱਖ ਸਥਾਨਾਂ ਤੋਂ ਨਜਾਇਜ ਕਬਜੇ ਹਟਾਏ ਜਾਣ। ਔਜਲਾ ਨੇ ਰੀਵਿਊ ਮੀਟਿੰਗ ਦੌਰਾਨ ਸਾਰੇ ਅਧਿਕਾਰੀਆਂ ਕੋਲੋਂ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜਾ ਲਿਆ। ਉਨ੍ਹਾਂ ਕਿਹਾ ਕਿ ਕਿਸੇ ਵੱਡੇ ਪ੍ਰੋਗਰਾਮ ਲਈ ਤਾਂ ਤੁਸੀਂ ਸਾਰੇ ਪ੍ਰਬੰਧ ਕਰ ਲੈਂਦੇ ਹੋ, ਪਰ ਇਸ ਨਾਲ ਸ਼ਹਿਰ ਦੀ ਵਿਗੜਦੀ ਸ਼ਾਖ ਨੂੰ ਬਹਾਲ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਬਣ ਰਹੀਆਂ ਸੜਕਾਂ ਅਤੇ ਹੋਰ ਵਿਕਾਸ ਕੰਮਾਂ ਦੀ ਗੁਣਵੱਤਾ ਦੀ ਜਾਂਚ ਕਰਵਾਈ ਜਾਵੇਗੀ ਅਤੇ ਜੋ ਵੀ ਦੋਸੀ ਪਾਇਆ ਗਿਆ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਲੋਕ ਸਭਾ ਮੈਂਬਰ ਜਸਬੀਰ ਸਿੰਘ ਡਿੰਪਾ , ਜੋ ਕਿ ਕਮੇਟੀ ਦੇ ਉਪ ਚੇਅਰਮੈਨ ਵੀ ਹਨ, ਨੇ ਮੀਟਿੰਗ ਦੌਰਾਨ ਨੈਸ਼ਨਲ ਹਾਈਵੇ ਦੇ ਚੱਲ ਰਹੇ ਕੰਮਾਂ ਨੂੰ ਸਮੇਂ ਸਿਰ ਪੂਰਾ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਕਰਵਾਏ ਜਾ ਰਹੇ ਬਹੁਤੇ ਕੰਮ ਇਕ ਠੇਕੇਦਾਰ ਨੂੰ ਦਿੱਤੇ ਹੋਏ ਹਨ, ਜਿਸ ਨਾਲ ਜਿੱਥੇ ਅਧਿਕਾਰੀਆਂ ਦੀ ਮਿਲੀ ਭੁਗਤ ਦਾ ਸ਼ੱਕ ਜਾਹਿਰ ਹੁੰਦਾ ਹੈ, ਉਥੇ ਕੰਮ ਵਿੱਚ ਦੇਰੀ ਅਤੇ ਕੰਮ ਦੀ ਗੁਣਵੱਤਾ ਵੀ ਪ੍ਰਭਾਵਿਤ ਹੁੰਦੀ ਹੈ, ਜਿਸ ਦੀ ਜਾਂਚ ਕਰਵਾਈ ਜਾਵੇ।
ਉਨ੍ਹਾਂ ਨੇ ਸਮੂਹ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਗੁਰੂ ਦੀ ਨਗਰੀ ਦੀ ਸੇਵਾ ਲਈ ਦਿਨ ਰਾਤ ਕੰਮ ਕਰਨ ਤਾਂ ਜੋ ਅੰਮ੍ਰਿਤਸਰ ਦੀ ਦਿੱਖ ਨੂੰ ਸੁੰਦਰ ਬਣਾਇਆ ਜਾ ਸਕੇ। ਇਸ ਮੌਕੇ ਵਿਧਾਇਕ ਕੰਵਰ ਵਿਜੈ ਪ੍ਰਤਾਪ ਸਿੰਘ ਨੇ ਅਧਿਕਾਰੀਆਂ ਨੰਵ ਸਪੱਸਟ ਕੀਤਾ ਕਿ ਉਕਤ ਮੀਟਿੰਗ ਕਰ ਰਹੇ ਸੰਸਦ ਮੈਂਬਰ ਚਾਹੇ ਕਾਂਗਰਸ ਪਾਰਟੀ ਦੇ ਹਨ, ਪਰ ਲੋਕਾਂ ਦੇ ਕੰਮਾਂ ਲਈ ਤੁਸੀਂ ਇਹ ਓਟ ਬਿਲਕੁਲ ਨਹੀਂ ਲੈ ਸਕਦੇ ਕਿ ਕੋਈ ਨਾ ਇਨ੍ਹਾਂ ਦੀ ਕਿਹੜੀ ਹੁਣ ਸਰਕਾਰ ਹੈ।
ਉਨ੍ਹਾਂ ਕਿਹਾ ਕਿ ਜਨਤਾ ਦੇ ਕੰਮਾਂ ਲਈ ਅਸੀਂ ਸਾਰੇ ਇਕ ਸੁਰ ਹਾਂ ਅਤੇ ਤੁਸੀਂ ਇਸ ਮੀਟਿੰਗ, ਜੋ ਕਿ ਸੰਸਦ ਮੈਂਬਰ ਨੇ ਹੀ ਲੈਣੀ ਹੁੰਦੀ ਹੈ, ਨੂੰ ਹਲਕੇ ਵਿੱਚ ਨਹੀਂ ਲੈਣਾ। ਉਨ੍ਹਾਂ ਗਰੀਨਲੈਂਡ ਇਲਾਕੇ ਵਿੱਚ ਕਾਰਪੋਰੇਸਨ ਵੱਲੋਂ ਕਰਵਾਏ ਜਾ ਰਹੇ ਕੰਮਾਂ ਦੀ ਜਾਂਚ ਕਰਵਾਉਣ ਲਈ ਵੀ ਕਿਹਾ।