Amritsar News:  ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੋਨਿਹਾਲ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਲੁੱਟਾਂ ਖੋਹਾਂ ਕਰਨ ਵਾਲਿਆਂ ਦੋਸ਼ੀਆਂ ਦੇ ਖਿਲਾਫ ਚਲਾਈ ਮੁਹਿੰਮ ਤਹਿਤ ਥਾਣਾ ਈ ਡਿਵੀਜ਼ਨ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਪਿਛਲੇ ਦਿਨੀ ਕਟਰਾ ਸ਼ੇਰ ਸਿੰਘ ਹੋਲਸੇਲ ਦਵਾਈਆਂ ਦੀ ਦੁਕਾਨ 'ਤੇ ਪਿਸਤੋਲਾਂ ਦੀ ਨੋਕ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਬਦਮਾਸ਼ਾਂ ਨੂੰ ਕਾਬੂ ਕੀਤਾ ਗਿਆ।


ਇਸ ਮੌਕੇ ਗੱਲਬਾਤ ਕਰਦੇ ਹੋਏ ਏਸੀਪੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਨਿਤਿਸ਼ ਸਰੀਨ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਦੀ ਦਵਾਈਆਂ ਦੀ ਦੁਕਾਨ ਉੱਤੇ 5 ਹਥਿਆਰਬੰਦ ਹਮਲਾਵਰਾਂ ਨੇ ਹਮਲਾ ਕੀਤਾ ਤੇ ਜਾਨੋਂ ਮਾਰਨ ਦੀ ਧਮਕੀ ਦੇ ਸਾਢੇ 5 ਲੱਖ ਰੁਪਏ ਦੀ ਨਗਦੀ ਤੇ ਮੋਬਾਇਲ ਖੋਹ ਕੇ ਫਰਾਰ ਹੋ ਗਏ।


ਇਸ ਮਾਮਲੇ ਦੀ ਸ਼ਿਕਾਇਤ ਦੇਣ ਤੋਂ ਬਾਅਦ ਥਾਣਾ ਈ-ਡਵੀਜ਼ਨ, ਅੰਮ੍ਰਿਤਸਰ ਵੱਲੋਂ ਮੁਕੱਦਮਾਂ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਦੀ ਗਈ। ਉਨ੍ਹਾਂ ਨੇ ਦੱਸਿਆ ਕਿ ਮਾਮਲੇ ਵਿੱਚ ਲੋੜੀਂਦੇ 04 ਦੋਸ਼ੀਆਂ ਨੂੰ ਕਾਬੂ ਕਰਕੇ 50,500/-ਰੁਪਏ, ਵਾਰਦਾਤ ਸਮੇਂ ਵਰਤੇ 02 ਪਿਸਟਲ .32 ਬੋਰ, ਮੋਟਰਸਾਈਕਲ ਸਪਲੈਂਡਰ ਬਰਾਮਦ ਕਰਨ ਵਿੱਚ ਸਫਲਲਤਾ ਹਾਸਲ ਕੀਤੀ ਹੈ। 


ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀ ਸੁਨੀਲ ਕੁਮਾਰ ਵੱਲੋਂ ਕਟੜਾ ਸ਼ੇਰ ਸਿੰਘ ਵਿਖੇ ਦਵਾਈਆਂ ਦੀ ਦੁਕਾਨ ਦੀ ਰੈਕੀ ਕੀਤੀ ਗਈ ਸੀ ਅਤੇ  ਸੁਨੀਲ ਕੁਮਾਰ, ਨਿਤਿਸ਼ ਸਰੀਨ ਨੂੰ ਪਹਿਲਾ ਤੋਂ ਹੀ ਜਾਣਦਾ ਸੀ, ਕਿਉਕਿ ਇਹ ਪਹਿਲਾ ਕਟੜਾ ਸ਼ੇਰ ਸਿੰਘ ਵਿੱਖੇ ਕੰਮ ਕਰਦਾ ਰਿਹਾ ਸੀ ਤੇ ਇਸਨੂੰ ਪਤਾ ਸੀ ਕਿ ਇਹ ਦੁਕਾਨ ਕਾਫੀ ਲੇਟ ਬੰਦ ਹੁੰਦੀ ਹੈ ਅਤੇ ਇਸ ਦੁਕਾਨ ਵਿੱਚ ਕਾਫੀ ਰਕਮ ਪਈ ਹੁੰਦੀ ਹੈ। 


ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਦੋਸ਼ੀਆਂ ਦੇ ਖ਼ਿਲਾਫ਼ ਪਹਿਲਾਂ ਵੀ ਕਈ ਥਾਣਿਆਂ ਦੇ ਵਿੱਚ ਵੱਖ-ਵੱਖ ਮਾਮਲੇ ਦਰਜ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਨੂੰ ਪੈਸਿਆਂ ਦੀ ਬਹੁਤ ਲੋੜ ਸੀ ਜਿਸ ਦੇ ਚਲਦੇ ਇਹਨਾਂ ਵੱਲੋਂ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। 


ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਹਨਾਂ ਵੱਲੋਂ ਇਹ ਦੇਸੀ ਅਸਲਾ ਐਮਪੀ ਤੋਂ ਲਿਆਂਦਾ ਗਿਆ ਸੀ। ਪੁਲਿਸ ਅਧਿਕਾਰੀ ਨੇ ਕਿਹਾ ਕਿ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰ ਇਹਨਾਂ ਦਾ ਰਿਮਾਂਡ ਹਾਸਿਲ ਕਰ ਹੋਰ ਪੁੱਛਗਿਛ ਕੀਤੀ ਜਾਵੇਗੀ ਪੁੱਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।