Amritsar News: ਅੰਮ੍ਰਿਤਸਰ ਵਿੱਚ ਬੀਐਸਐਫ਼ ਵੱਲੋਂ ਇੱਕ ਵਾਰ ਫਿਰ ਡਰੋਨ ਨੂੰ ਸੁੱਟਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਇਹ ਘਟਨਾ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਕੱਕੜ ਦੀ ਹੈ। ਬੀਪੀਓ ਕੱਕੜ ਦੇ ਨੇੜੇ 22 ਬਟਾਲੀਅਨ ਦੇ ਜਵਾਨ ਗਸ਼ਤ ਕਰ ਰਹੇ ਸੀ ਇਸ ਦੌਰਾਨ ਉਨ੍ਹਾਂ ਨੇ ਡਰੋਨ ਦੀ ਆਵਾਜ਼ ਸੁਣੀ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਜਵਾਨਾਂ ਨੇ ਡਰੋਨ ਦਾ ਪਿੱਛਾ ਕੀਤਾ ਤੇ ਕੁਝ ਸਮੇ ਬਾਅਦ ਡਰੋਨ ਦੀ ਆਵਾਜ਼ ਆਉਣੀ ਬੰਦ ਹੋ ਗਈ। ਇਸ ਦੌਰਾਨ ਬੀਐਸਐਫ਼ ਨੇ ਸਰਚ ਆਪ੍ਰੇਸ਼ਨ ਚਲਾਇਆ ਤੇ ਜਿਸ ਦੌਰਾਨ ਖੇਤਾਂ ਵਿੱਚ ਡਿੱਗਿਆ ਹੋਇਆ ਡਰੋਨ ਮਿਲਿਆ।


ਇਸ ਬਾਬਤ ਬੀਐਸਐਫ ਦੇ ਜਵਾਨਾਂ ਨੇ ਕਿਹਾ ਕਿ ਜਿਸ ਵੇਲੇ ਡਰੋਨ ਉੱਤੇ ਫਾਇਰਿੰਗ ਕੀਤੀ ਗਈ ਤਾਂ ਉਹ ਪਾਕਿਸਤਾਨ ਵਾਪਸ ਨਹੀਂ ਜਾ ਸਕਿਆ ਜਿਸ ਕਾਰਨ ਜਵਾਨਾਂ ਨੇ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ ਤੇ ਤੜਕਸਾਰ ਖੇਤਾਂ ਵਿੱਚੋਂ ਡਰੋਨ ਜਬਤ ਕਰ ਲਿਆ।






ਬੀਐਸਐਫ਼ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਇੱਕ ਵੱਡਾ ਮੈਟ੍ਰਿਕਸ  ਡਰੋਨ ਹੈ ਜਿਸ ਦੇ ਨਾਲ ਇੱਕ ਪੀਲੇ ਰੰਗ ਦਾ ਪੈਕੇਟ ਬੰਨਿਆ ਹੋਇਆ ਸੀ।


ਕਿਵੇਂ ਜਵਾਨਾਂ ਨੇ ਸਾਜ਼ਿਸ਼ ਕੀਤੀ ਨਾਕਾਮ


ਬੀਐੱਸਐੱਫ ਨੇ ਬੀਤੀ ਰਾਤ ਢਾਈ ਵਜੇ ਦੇ ਕਰੀਬ ਬੀਪੀਓ ਰੀਅਰ ਕੱਕੜ ਚੌਕੀ ਵਿਖੇ ਪਾਕਿਸਤਾਨ ਤੋਂ ਆਏ ਡਰੋਨ ’ਤੇ ਗੋਲੀਆਂ ਦਾਗ ਕੇ ਉਸ ਨੂੰ ਸੁੱਟ ਲਿਆ। ਮੌਕੇ ’ਤੇ ਤਲਾਸ਼ੀ ਦੌਰਾਨ ਡਰੋਨ ਨਾਲ ਬੰਨੇ ਤਿੰਨ ਪੈਕੇਟ ਹੈਰੋਇਨ ਦੀ ਬਰਾਮਦੀ ਹੋਈ। ਤੜਕੇ ਸਰਹੱਦੀ ਖੇਤਰ 'ਚ ਡਰੋਨ ਦੀ ਹੱਲ-ਚੱਲ ਸੁਣਾਈ ਦਿੱਤੀ ਤਾਂ ਬੀਐੱਸਐੱਫ 22 ਬਟਾਲੀਅਨ ਵਲੋਂ ਉਸ ’ਤੇ ਫਾਇਰਿੰਗ ਕੀਤੀ ਗਈ। ਡਰੋਨ ਦੇ ਗੋਲੀ ਵੱਜਣ ਨਾਲ ਉਹ ਹੇਠਾਂ ਡਿੱਗ ਪਿਆ। ਡਰੋਨ ਨਾਲ ਬੰਨੇ ਤਿੰਨ ਪੈਕੇਟਾਂ ਵਿਚੋਂ ਕਰੀਬ 4 ਕਿਲੋ 700 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।


ਜ਼ਿਕਰ ਕਰ ਦਈਏ ਕਿ ਇਸ ਸਾਲ ਵਿੱਚ ਬੀਐਸਐਫ਼ ਦੇ ਜਵਾਨਾਂ ਨੇ ਦੂਜਾ ਡਰੋਨ ਜਬਤ ਕੀਤਾ ਹੈ। ਇਸ ਤੋਂ ਪਹਿਲਾਂ ਗੁਰਦਾਸਪੁਰ ਵਿੱਚ ਵੀ ਜਵਾਨਾਂ ਨੇ ਡਰੋਨ ਜਬਤ ਕੀਤਾ ਸੀ।