ਅੰਮ੍ਰਿਤਸਰ ਵਿੱਚ ਅੱਗ ਲੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਅੱਗ ਉੱਪਰਲੇ ਕਮਰੇ ਵਿੱਚ ਲੱਗੀ ਅਤੇ ਘਬਰਾਹਟ ਵਿੱਚ ਆ ਕੇ ਉਹ ਆਦਮੀ ਆਪਣਾ ਸਮਾਨ ਬਚਾਉਣ ਲਈ ਅੰਦਰ ਚਲਾ ਗਿਆ। ਉਹ ਅੱਗ ਦੀਆਂ ਲਪਟਾਂ ਵਿੱਚ ਘਿਰ ਗਿਆ ਅਤੇ ਬਚ ਨਾ ਸਕਿਆ। ਜਦੋਂ ਤੱਕ ਪੁਲਿਸ ਅਤੇ ਫਾਇਰ ਬ੍ਰਿਗੇਡ ਪਹੁੰਚੇ, ਉਸਦੀ ਮੌਤ ਹੋ ਚੁੱਕੀ ਸੀ।
ਪੁਲਿਸ ਨੇ ਕਿਹਾ ਕਿ ਅੱਗ ਲੱਗਣ ਦੇ ਸਹੀ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ੁਰੂਆਤੀ ਜਾਣਕਾਰੀ ਸ਼ਾਰਟ ਸਰਕਟ ਦਾ ਸੰਕੇਤ ਦਿੰਦੀ ਹੈ, ਪਰ ਅਸਲ ਕਾਰਨ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ।
ਜਾਣਕਾਰੀ ਮੁਤਾਬਕ, ਇਹ ਪੂਰੀ ਘਟਨਾ ਰੇਸ ਕੋਰਸ ਰੋਡ, ਅੰਮ੍ਰਿਤਸਰ ਦੀ ਹੈ। ਕੋਠੀ ਨੰਬਰ 166 ਦੇ ਰਹਿਣ ਵਾਲੇ ਬਜ਼ੁਰਗ ਕਿਰਨ ਆਹੂਜਾ ਦੇ ਘਰ ਦੇ ਉੱਪਰਲੇ ਕਮਰੇ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਇੰਨੀ ਤੇਜ਼ੀ ਨਾਲ ਫੈਲ ਗਈ ਕਿ ਮੌਕੇ ਤੋਂ ਬਚਣ ਦਾ ਕੋਈ ਮੌਕਾ ਨਹੀਂ ਮਿਲਿਆ। ਇਸ ਦੌਰਾਨ ਬਜ਼ੁਰਗ ਕਿਰਨ ਆਹੂਜਾ ਅੱਗ ਦੀ ਲਪੇਟ ਵਿੱਚ ਆ ਗਏ ਅਤੇ ਮੌਕੇ 'ਤੇ ਹੀ ਦਮ ਤੋੜ ਗਏ। ਅੱਗ ਲੱਗਦੇ ਹੀ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ।
ਇਸ ਮੌਕੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਘਰ ਦੇ ਉੱਪਰਲੇ ਕਮਰੇ ਵਿੱਚ ਅੱਗ ਲੱਗ ਗਈ। ਉਨ੍ਹਾਂ ਕਿਹਾ ਕਿ ਅੱਗ ਲੱਗਣ ਤੋਂ ਬਾਅਦ ਮ੍ਰਿਤਕ ਵਿਅਕਤੀ ਘਬਰਾਹਟ ਵਿੱਚ ਆਪਣੇ ਕੁਝ ਜ਼ਰੂਰੀ ਸਮਾਨ ਨੂੰ ਬਚਾਉਣ ਲਈ ਕਮਰੇ ਦੇ ਅੰਦਰ ਚਲਾ ਗਿਆ ਪਰ ਜਿਵੇਂ ਹੀ ਉਹ ਅੰਦਰ ਗਿਆ। ਅੱਗ ਅਚਾਨਕ ਭੜਕ ਗਈ, ਜਿਸ ਨਾਲ ਕਮਰਾ ਧੂੰਏਂ ਅਤੇ ਅੱਗ ਦੀਆਂ ਲਪਟਾਂ ਨਾਲ ਭਰ ਗਿਆ। ਅੱਗ ਇੰਨੀ ਤੇਜ਼ੀ ਨਾਲ ਫੈਲ ਗਈ ਕਿ ਆਦਮੀ ਨੂੰ ਬਚਣ ਦਾ ਕੋਈ ਮੌਕਾ ਨਹੀਂ ਮਿਲਿਆ ਅਤੇ ਉਹ ਅੰਦਰ ਬੁਰੀ ਤਰ੍ਹਾਂ ਸੜ ਗਿਆ। ਜਦੋਂ ਤੱਕ ਪੁਲਿਸ ਅਤੇ ਫਾਇਰਫਾਈਟਰ ਮੌਕੇ 'ਤੇ ਪਹੁੰਚੇ, ਉਸਦੀ ਮੌਤ ਹੋ ਚੁੱਕੀ ਸੀ।
ਦੱਸ ਦਈਏ ਕਿ ਫਾਇਰ ਬ੍ਰਿਗੇਡ ਨੇ ਅੱਗ 'ਤੇ ਕਾਬੂ ਪਾ ਲਿਆ, ਪਰ ਉਦੋਂ ਤੱਕ ਕਮਰਾ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿੱਚ ਆ ਚੁੱਕਾ ਸੀ। ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਅਜੇ ਵੀ ਜਾਰੀ ਹੈ।