Teaching Fellows Case registered: ਪੰਜਾਬ ਵਿੱਚ ਪਿਛਲੇ ਕਈ ਦਹਾਕਿਆਂ ਤੋਂ ਗਲਤ ਦਸਤਾਵੇਜ਼ਾਂ ਦੇ ਆਧਾਰ 'ਤੇ ਹਾਸਲ ਕੀਤੀ ਗਈ ਨੌਕਰ ਦੀ ਜਾਂਚ ਹੁਣ ਵਿਜੀਲੈਂਸ ਕਰ ਰਹੀ ਹੈ ਅਤੇ ਉਹਨਾਂ ਮੁਲਾਜ਼ਮਾਂ ਦੀ ਵੀ ਭਾਲ ਕੀਤੀ ਜਾ ਰਹੀ ਹੈ ਜਿਹਨਾਂ ਨੇ ਜਾਅਲੀ ਕਾਗਜ਼ਾਤ ਲਗਾ ਕੇ ਵੱਖ ਵੱਖ ਵਿਭਾਗਾਂ ਵਿੱਚ ਨੌਕਰੀਆਂ ਹਾਸਲ ਕੀਤੀਆਂ ਹਨ। 


ਇਸੇ ਲੜੀ ਦੇ ਤਹਿਤ ਗੁਰਦਾਸਪੁਰ ਦੇ ਸਿਟੀ ਪੁਲਿਸ ਸਟੇਸ਼ਨ ਅਜਿਹਾ ਹੀ ਇੱਕ ਮਾਮਲਾ ਦਰਜ ਹੋਇਆ ਹੈ।  ਜ਼ਿਲ੍ਹਾ ਗੁਰਦਾਸਪੁਰ ਦੇ 128 ਟੀਚਿੰਗ ਫੈਲੋਜ਼ ਵੱਲੋਂ ਜਾਅਲੀ ਸਰਟੀਫਿਕੇਟ ਤਿਆਰ ਕਰ ਵਿਭਾਗ ਵਿੱਚ ਭਰਤੀ ਹੋਣ ਸਬੰਧੀ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮੁਕਦਮਾ ਵਿਜੀਲੈਂਸ ਬਿਊਰੋ ਵੱਲੋਂ ਪੜਤਾਲ ਕਰਨ ਬਾਅਦ ਦਰਜ ਕੀਤਾ ਗਿਆ ਹੈ।



ਇਨ੍ਹਾਂ ਵਿਚੋਂ ਜਾਅਲੀ ਤਜਰਬਾ ਸਰਟੀਫਿਕੇਟ ਦੇ 111 ਉਮੀਦਵਾਰ, ਜਾਅਲੀ ਰੂਰਲ ਏਰੀਆ ਸਰਟੀਫਿਕੇਟ ਦੇ 04 ਉਮੀਦਵਾਰ ਅਤੇ ਮੈਰਿਟ ਵਿੱਚ ਭੰਨਤੋੜ ਵਾਲੇ 13 ਉਮੀਦਵਾਰ ਹਨ। ਥਾਣਾ ਸਿਟੀ ਗੁਰਦਾਸਪੁਰ ਦੀ  ਪੁਲਿਸ ਵੱਲੋਂ ਮੁੱਖ ਡਾਇਰੈਕਟਰ ਵਿਜਿਲੈਂਸ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਗਿਆ ਹੈ।



2009 ਦਾ ਹੈ ਭਰਤੀ ਮਾਮਲਾ


11 ਅਕਤੂਬਰ ਨੂੰ ਮਾਲੇਰਕੋਟਲਾ ਪੁਲਿਸ ਨੇ ਟੀਚਿੰਗ ਫੈਲੋ ਘੁਟਾਲੇ ਦੇ ਮਾਮਲੇ ਵਿੱਚ ਸੱਤ ਟੀਚਿੰਗ ਫੈਲਿਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਉਸ ਸਮੇਂ ਇਸ ਤੋਂ ਇਲਾਵਾ ਪੰਜਾਬ ਦੇ ਹੋਰਨਾ ਜਿਲ੍ਹਿਆਂ ਵਿੱਚ ਜਾਅਲੀ ਸਰਟੀਫਿਕੇਟਾਂ ਦੇ ਆਧਾਰ 'ਤੇ ਨੌਕਰੀਆਂ ਲੈਣ ਵਾਲੇ ਟੀਚਿੰਗ ਫੋਲੋਜ਼ ਖ਼ਿਲਾਫ਼ ਕੇਸ ਦਰਜ ਕਰਨ ਦੀ ਵੀ ਸਿਫ਼ਾਰਸ਼ ਕੀਤੀ ਗਈ ਸੀ। 


ਹੁਣ ਇਸ ਸਬੰਧ ਵਿੱਚ ਗੁਰਦਾਸਪੁਰ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਵਿਜੀਲੈਂਸ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਵੱਖ-ਵੱਖ ਜ਼ਿਲ੍ਹਿਆਂ ਵਿੱਚ ਭਰਤੀ ਹੋਏ 9998 ਟੀਚਿੰਗ ਫੈਲੋਜ ਦੀ ਭਰਤੀ ਪ੍ਰਕਿਰਿਆ ਦੌਰਾਨ ਗਠਿਤ ਵੱਖ-ਵੱਖ ਜ਼ਿਲ੍ਹਾ ਪੱਧਰੀ ਕਮੇਟੀਆਂ ਨੇ 11 ਅਗਸਤ 2009 ਤੋਂ 13 ਅਗਸਤ 2009 ਤੱਕ ਉਮੀਦਵਾਰਾਂ ਦੇ ਸਰਟੀਫਿਕੇਟਾਂ ਦੀ ਜਾਂਚ ਕੀਤੀ ਸੀ। 


ਇਸ ਤੋਂ ਬਾਅਦ 19 ਅਕਤੂਬਰ 2009 ਨੂੰ ਸਿੱਖਿਆ ਵਿਭਾਗ ਦੇ ਤੱਤਕਾਲੀ ਡਾਇਰੈਕਟਰ ਐਲੀਮੈਂਟਰੀ ਸਾਧੂ ਸਿੰਘ ਰੰਧਾਵਾ ਨੇ ਜਾਅਲੀ ਸਰਟੀਫਿਕੇਟਾਂ ਦੇ ਆਧਾਰ 'ਤੇ ਨੌਕਰੀ ਹਾਸਲ ਕਰਨ ਵਾਲੇ ਉਮੀਦਵਾਰਾਂ ਨੂੰ ਨੌਕਰੀ ਤੋਂ ਫਾਰਗ ਕਰਨ ਦੇ ਹੁਕਮ ਜਾਰੀ ਕੀਤੇ ਸਨ, ਜਿਸ `ਤੇ ਕਾਰਵਾਈ ਕਰਦਿਆਂ 23 ਅਕਤੂਬਰ 2009 ਤੱਕ ਇਨ੍ਹਾਂ ਨੂੰ ਫਾਰਗ ਕਰ ਦਿੱਤਾ ਸੀ।


 


 


 



ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ - https://whatsapp.com/channel/0029Va7Nrx00VycFFzHrt01l 


Join Our Official Telegram Channel: https://t.me/abpsanjhaofficial