Bhagwant Mann on Kejriwal:

  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਸੂਬੇ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ 'ਤੇ ਆਮ ਆਦਮੀ ਪਾਰਟੀ ਦੀ ਜਿੱਤ ਯਕੀਨੀ ਬਣਾ ਕੇ ਇਤਿਹਾਸ ਦੁਹਰਾਉਣ ਦਾ ਸੱਦਾ ਦਿੱਤਾ। ਇਹ ਐਲਾਨ ਅੰਮ੍ਰਿਤਸਰ 'ਚ ਰੱਖੇ ਗਏ ਸਮਾਗਮ ਦੌਰਾਨ ਕੀਤਾ ਗਿਆ


ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਖ਼ੁਸ਼ਕਿਸਮਤ ਸਮਝਦੇ ਹਨ ਕਿ ਉਨ੍ਹਾਂ ਨੂੰ ਪਵਿੱਤਰ ਨਗਰੀ ਦੇ ਵਪਾਰੀਆਂ ਦਰਮਿਆਨ ਇੱਥੇ ਆਉਣ ਦਾ ਮੌਕਾ ਮਿਲਿਆ ਹੈ।


ਭਗਵੰਤ ਮਾਨ ਨੇ ਕਿਹਾ ਕਿ ਆਮ ਲੋਕਾਂ ਨੂੰ ਭਾਰਤੀ ਰਾਜਨੀਤੀ ਦੇ ਕੇਂਦਰ ਵਿੱਚ ਲਿਆਉਣ ਦਾ ਸਿਹਰਾ ਅਰਵਿੰਦ ਕੇਜਰੀਵਾਲ ਨੂੰ ਜਾਂਦਾ ਹੈ, ਜਿਨ੍ਹਾਂ ਨੇ ਪਾਰਟੀਆਂ ਨੂੰ ਲੋਕਾਂ ਦੀ ਲੋੜ ਅਨੁਸਾਰ ਆਪਣੇ ਏਜੰਡੇ ਬਦਲਣ ਲਈ ਮਜਬੂਰ ਕੀਤਾ ਹੈ। ਭਗਵੰਤ  ਮਾਨ ਨੇ ਕਿਹਾ ਕਿ ਸੰਕਲਪ ਪੱਤਰਾਂ ਜਾਂ ਚੋਣ ਮਨੋਰਥ ਪੱਤਰਾਂ ਦੀ ਥਾਂ ਹੁਣ ਸਿਆਸੀ ਪਾਰਟੀਆਂ ਲੋਕ ਭਲਾਈ ਦੀਆਂ ਗਰੰਟੀਆਂ ਦੇ ਰਹੀਆਂ ਹਨ।
 


ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਵੰਡ ਪਾਊ ਰਾਜਨੀਤੀ ਨੂੰ ਨਕਾਰ ਕੇ ਨੈਤਿਕ ਕਦਰਾਂ-ਕੀਮਤਾਂ ਆਧਾਰਤ ਰਾਜਨੀਤੀ ਸ਼ੁਰੂ ਕਰਕੇ ਸਿਆਸਤ ਵਿੱਚ ਸਿਫ਼ਤੀ ਤਬਦੀਲੀ ਲਿਆਂਦੀ ਹੈ।


ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ, ਬਾਜਵਾ ਅਤੇ ਮਜੀਠੀਆ ਵਰਗੇ ਆਗੂਆਂ ਨੇ ਆਪਣੀਆਂ ਕਰਤੂਤਾਂ ਕਾਰਨ ਸੁਰੱਖਿਆ ਕਾਰਨਾਂ ਦੇ ਨਾਂ 'ਤੇ ਲੋਕਾਂ ਤੋਂ ਦੂਰੀ ਬਣਾ ਲਈ ਹੈ। ਭਗਵੰਤ  ਮਾਨ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ ਇਹ ਰੁਝਾਨ ਬਦਲ ਗਿਆ ਹੈ ਕਿਉਂਕਿ ਹੁਣ ਸਮਾਜ ਦੇ ਹਰ ਵਰਗ ਅਤੇ ਸਰਕਾਰ ਦਰਮਿਆਨ ਵਾਰ-ਵਾਰ ਵਿਚਾਰ-ਵਟਾਂਦਰਾ ਹੋ ਰਿਹਾ ਹੈ।


 


ਮੁੱਖ ਮੰਤਰੀ ਭਗਵੰਤ ਮਾਨ ਨੇ  ਕਿਹਾ ਕਿ ਸੂਬਾ ਸਰਕਾਰ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਇੱਕ ਮਹਾਨ ਆਗੂ ਹਨ, ਜਿਨ੍ਹਾਂ ਨੇ ਦੇਸ਼ ਅਤੇ ਲੋਕਾਂ ਦੀ ਸੇਵਾ ਲਈ ਆਈ.ਆਰ.ਐਸ. ਅਧਿਕਾਰੀ ਦੀ ਆਪਣੀ ਅਹਿਮ ਨੌਕਰੀ ਛੱਡ ਦਿੱਤੀ ਸੀ। ਭਗਵੰਤ  ਮਾਨ ਨੇ ਕਿਹਾ ਕਿ ਉਹ ਦੇਸ਼ ਦੀ ਸੇਵਾ ਲਈ ਸ਼ਹੀਦ ਭਗਤ ਸਿੰਘ ਵਰਗੇ ਮਹਾਨ ਸ਼ਹੀਦਾਂ ਦੇ ਨਕਸ਼ੇ-ਕਦਮਾਂ 'ਤੇ ਚੱਲ ਰਹੇ ਹਨ।