Amritsar News: ਮੌਸਮ ਦੇ ਬਦਲਣ ਨਾਲ ਪਾਕਿਸਤਾਨੀ ਸਮੱਗਲਰਾਂ ਦੀਆਂ ਗਤੀਵਿਧੀਆਂ ਤੇਜ਼ ਹੋ ਗਈਆਂ ਹਨ। ਧੁੰਦ ਦਾ ਫਾਇਦਾ ਉਠਾ ਕੇ ਤਸਕਰ ਭਾਰਤੀ ਸਰਹੱਦ ਅੰਦਰ ਹੈਰੋਇਨ ਸੁੱਟ ਰਹੇ ਹਨ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਪਿਛਲੇ 8 ਦਿਨਾਂ ਵਿੱਚ ਦੋ ਦਰਜਨ ਤੋਂ ਵੱਧ ਡ੍ਰੋਨ ਤੇ ਤਸਕਰੀ ਦੀਆਂ ਘਟਨਾਵਾਂ ਵਾਪਰੀਆਂ ਹਨ। 

Continues below advertisement


ਇਸ ਦੇ ਨਾਲ ਹੀ ਸੀਮਾ ਸੁਰੱਖਿਆ ਬਲ (ਬੀਐਸਐਫ) ਤੇ ਪੰਜਾਬ ਪੁਲਿਸ ਨੇ 11 ਵਾਰ ਪਾਕਿਸਤਾਨੀ ਸਮੱਗਲਰਾਂ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕੀਤਾ ਹੈ। ਇਨ੍ਹਾਂ 8 ਦਿਨਾਂ ਵਿੱਚ ਬੀਐਸਐਫ ਤੇ ਪੁਲਿਸ ਨੇ ਸਮੱਗਲਰਾਂ ਨੂੰ ਨਸ਼ੀਲੇ ਪਦਾਰਥਾਂ, ਡ੍ਰੋਨਾਂ ਸਮੇਤ ਹਥਿਆਰਾਂ ਸਮੇਤ ਕਾਬੂ ਕੀਤਾ ਹੈ।


ਮਿਲੀ ਜਾਣਕਾਰੀ ਅਨੁਸਾਰ ਬੀਐਸਐਫ ਨੇ ਲੰਘੀ ਇੱਕੋ ਰਾਤ ਵਿੱਚ ਦੋ ਡ੍ਰੋਨ ਜ਼ਬਤ ਕੀਤੇ ਹਨ। ਦੇਰ ਰਾਤ ਬੀਐਸਐਫ ਤੇ ਪੰਜਾਬ ਪੁਲਿਸ ਨੂੰ ਢਾਣੀਆਂ ਕਲਾਂ ਵਿੱਚ ਡ੍ਰੋਨ ਦੀ ਆਵਾਜਾਈ ਦੀ ਸੂਚਨਾ ਮਿਲੀ ਸੀ। ਰਾਤ ਦੇ ਹਨੇਰੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਕੁਝ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਦੇਰ ਰਾਤ ਡ੍ਰੋਨ ਨੂੰ ਜ਼ਬਤ ਕਰ ਲਿਆ ਗਿਆ। ਦੂਸਰੀ ਸਫਲਤਾ ਤਰਨ ਤਾਰਨ ਦੇ ਡਲ ਵਿੱਚ ਮਿਲੀ। ਇੱਥੇ ਵੀ ਬੀਐਸਐਫ ਨੂੰ ਡ੍ਰੋਨ ਦੀ ਆਵਾਜਾਈ ਬਾਰੇ ਜਾਣਕਾਰੀ ਮਿਲੀ। ਅੱਧੀ ਰਾਤ ਨੂੰ ਹੀ ਤਲਾਸ਼ੀ ਮੁਹਿੰਮ ਚਲਾਈ ਗਈ ਤੇ ਇੱਕ ਛੋਟਾ ਡ੍ਰੋਨ ਜ਼ਬਤ ਕਰ ਲਿਆ ਗਿਆ।



ਹਾਸਲ ਜਾਣਕਾਰੀ ਮੁਤਾਬਕ ਬੀਐਸਐਫ ਵੱਲੋਂ ਜ਼ਬਤ ਕੀਤੇ ਗਏ ਦੋਵੇਂ ਡ੍ਰੋਨ ਚੀਨ ਦੇ ਬਣੇ ਸਨ। ਸੂਤਰਾਂ ਮੁਤਾਬਕ ਹੈਰੋਇਨ ਦੀ ਖੇਪ ਨੂੰ ਭਾਰਤੀ ਸਰਹੱਦ 'ਤੇ ਭੇਜਣ ਦੇ ਨਾਲ-ਨਾਲ ਚੀਨ ਦਾ ਬਣਿਆ ਇਹ ਡ੍ਰੋਨ ਇਸ ਨੂੰ ਉਡਾਉਣ ਵਾਲੇ ਵਿਅਕਤੀ ਨੂੰ ਸਰਹੱਦੀ ਇਲਾਕਿਆਂ 'ਚ ਬੀਐਸਐਫ ਦੀ ਹਰਕਤ ਦੀ ਜਾਣਕਾਰੀ ਵੀ ਦਿੰਦਾ ਹੈ। ਇਸ ਤੋਂ ਬਾਅਦ BSF ਛੋਟੇ ਕੈਮਰਿਆਂ ਨਾਲ ਲੈਸ ਡ੍ਰੋਨ ਨੂੰ ਲੈ ਕੇ ਚੌਕਸ ਹੋ ਗਿਆ ਹੈ।


ਡ੍ਰੋਨ ਦੀ ਮੂਵਮੈਂਟ ਪਿਛਲੇ ਕੁਝ ਸਾਲਾਂ ਤੋਂ ਬਹੁਤ ਤੇਜ਼ ਹੋਈ ਹੈ। ਇਸ ਦੇ ਨਾਲ ਹੀ ਬੀਐਸਐਫ ਦੇ ਜਵਾਨ ਵੀ ਐਕਟਿਵ ਹੋ ਗਏ ਹਨ। ਇਸ ਸਾਲ ਨਵੰਬਰ ਤੱਕ ਬੀਐਸਐਫ ਨੇ ਪੰਜਾਬ ਵਿੱਚੋਂ 90 ਡ੍ਰੋਨ, 493 ਕਿਲੋ ਹੈਰੋਇਨ ਤੇ 37 ਹਥਿਆਰ ਬਰਾਮਦ ਕੀਤੇ ਹਨ। ਇਸ ਦੌਰਾਨ 29 ਤਸਕਰ ਤੇ 3 ਪਾਕਿਸਤਾਨੀ ਘੁਸਪੈਠੀਏ ਵੀ ਮਾਰੇ ਗਏ ਹਨ।


ਇਸ ਦੇ ਨਾਲ ਹੀ ਬੀਐਸਐਫ ਨੇ ਪਿਛਲੇ 8 ਦਿਨਾਂ ਵਿੱਚ 11 ਵਾਰਦਾਤਾਂ ਨੂੰ ਰੋਕਿਆ ਹੈ। ਇਸ ਦੌਰਾਨ ਬੀਐਸਐਫ ਨੇ 6 ਡ੍ਰੋਨ ਤੇ 6 ਭਾਰਤੀ ਸਮੱਗਲਰਾਂ ਨੂੰ ਫੜਿਆ ਹੈ ਜੋ  ਹੈਰੋਇਨ ਦੀ ਖੇਪ ਚੁੱਕਣ ਲਈ ਸਰਹੱਦ 'ਤੇ ਆਏ ਸਨ। ਇਸ ਤੋਂ ਇਲਾਵਾ ਕਰੀਬ 2 ਕਿਲੋ ਹੈਰੋਇਨ ਦੀ ਖੇਪ ਵੀ ਜ਼ਬਤ ਕੀਤੀ ਗਈ ਹੈ। ਇਨ੍ਹਾਂ 8 ਦਿਨਾਂ ਵਿੱਚ ਦੋ ਗਲੋਕ ਪਿਸਤੌਲ ਵੀ ਜ਼ਬਤ ਕੀਤੇ ਗਏ ਹਨ, ਜੋ ਅਤਿ-ਆਧੁਨਿਕ ਤਕਨੀਕ ਨਾਲ ਬਣੇ ਹਨ।