Amritsar News: ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਤੇ ਹੋਰ ਸਿੱਖ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਤੇ ਵਕੀਲਾਂ ਨੂੰ ਮੁਲਾਕਾਤ ਦੀ ਆਗਿਆ ਨਾ ਦੇਣ ਦਾ ਮਾਮਲਾ ਭਖ ਗਿਆ ਹੈ। ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਤਰਾਜ਼ ਪ੍ਰਗਟਾਇਆ ਹੈ। ਉਧਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਪਰਿਵਾਰਕ ਮੈਂਬਰਾ ਤੇ ਵਕੀਲਾਂ ਨੂੰ ਮਿਲਣ ਦੀ ਪ੍ਰਵਾਨਗੀ ਨਾ ਦੇਣ ਦੇ ਦੋਸ਼ ਨਕਾਰਦਿਆਂ ਦਾਅਵਾ ਕੀਤਾ ਕਿ ਬੀਤੇ 5 ਮਹੀਨਿਆਂ ਵਿੱਚ ਹੁਣ ਤੱਕ ਪਰਿਵਾਰਕ ਮੈਂਬਰਾਂ, ਵਕੀਲਾਂ ਤੇ ਹੋਰਨਾਂ ਨੂੰ 42 ਵਾਰ ਮਿਲਣ ਦੀ ਆਗਿਆ ਦਿੱਤੀ ਗਈ ਹੈ।


ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਕਿਹਾ ਕਿ ਡਬਿਰੂਗੜ੍ਹ ਜੇਲ੍ਹ ’ਚ ਬੰਦ ਸਿੱਖਾਂ ਦੇ ਪਰਿਵਾਰਾਂ ਨੂੰ ਮਿਲਣ ਤੋਂ ਰੋਕਣਾ ਮਨੁੱਖੀ ਅਧਿਕਾਰਾਂ ਦਾ ਉਲੰਘਣਾ ਹੈ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵੱਲੋਂ ਮੁਲਾਕਾਤ ਲਈ ਲੋੜੀਂਦੀ ਆਗਿਆ ਨਹੀਂ ਦਿੱਤੀ ਗਈ, ਜੋ ਠੀਕ ਨਹੀਂ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਮਾਮਲੇ ’ਤੇ ਗੌਰ ਕਰਨ ਦੀ ਅਪੀਲ ਕੀਤੀ।


ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਡਬਿਰੂਗੜ੍ਹ ਜੇਲ੍ਹ ਵਿਚ ਨਜ਼ਰਬੰਦ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਵੱਲੋਂ ਸਰਕਾਰਾਂ ਦੇ ਵਤੀਰੇ ਤੋਂ ਦੁਖੀ ਹੋ ਕੇ ਆਪਣੇ ਹੱਕਾਂ ਤੇ ਅਧਿਕਾਰਾਂ ਲਈ ਸ਼ੁਰੂ ਕੀਤੀ ਭੁੱਖ ਹੜਤਾਲ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਵੀ ਕਿਹਾ ਕਿ ਉਹ ਡਿਪਟੀ ਕਮਿਸ਼ਨਰ ਨੂੰ ਨਜ਼ਰਬੰਦ ਸਿੰਘਾਂ ਤੇ ਉਨ੍ਹਾਂ ਦੇ ਵਕੀਲਾਂ ਨੂੰ ਮੁਲਾਕਾਤ ਵਾਸਤੇ ਸਮੇਂ-ਸਮੇਂ ’ਤੇ ਆਗਿਆ ਦੇਣ ਦੀ ਹਦਾਇਤ ਕਰਨ।


ਉਧਰ, ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਦੋਸ਼ ਨਕਾਰਦਿਆਂ ਕਿਹਾ ਕਿ ਹੁਣ ਤੱਕ ਚਾਰ ਵਕੀਲ ਉਸ ਨੂੰ ਨੌਂ ਵਾਰ ਮਿਲ ਚੁੱਕੇ ਹਨ। ਉਸ ਦੀ ਪਤਨੀ 23 ਵਾਰ, ਚਾਰ ਵਾਰ ਮਾਤਾ, ਦੋ ਵਾਰ ਪਿਤਾ ਤੇ ਤਿੰਨ ਵਾਰ ਰਿਸ਼ਤੇਦਾਰਾਂ ਨੂੰ ਮਿਲਣ ਦੀ ਆਗਿਆ ਦਿੱਤੀ ਜਾ ਚੁੱਕੀ ਹੈ।


ਇਹ ਵੀ ਪੜ੍ਹੋ: Ram Baboo: ਇੱਕ ਮਜ਼ਦੂਰ ਤੋਂ ਲੈ ਕੇ ਏਸ਼ੀਅਨ ਖੇਡਾਂ ਦੇ ਤਮਗਾ ਜੇਤੂ ਤੱਕ, ਇਸ ਵਿਅਕਤੀ ਦਾ ਜੀਵਨ ਸਫ਼ਰ ਹਰ ਕਿਸੇ ਨੂੰ ਕਰ ਰਿਹਾ ਪ੍ਰੇਰਿਤ


ਉਨ੍ਹਾਂ ਕਿਹਾ ਕਿ ਜਿਸ ਵੀ ਯੋਗ ਪਰਿਵਾਰਕ ਮੈਂਬਰ ਨੇ ਆਗਿਆ ਮੰਗੀ, ਉਸ ਨੂੰ ਆਗਿਆ ਮਿਲੀ। ਇਸ ਵੇਲੇ ਅੰਮ੍ਰਿਤਪਾਲ ਸਿੰਘ ਦੀ ਇੱਛਾ ਅਨੁਸਾਰ ਐਡਵੋਕੇਟ ਨਵਕਿਰਨ ਸਿੰਘ ਉਸ ਦੇ ਵਕੀਲ ਹਨ ਪਰ ਹੁਣ ਉਨ੍ਹਾਂ ਨੇ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਲਈ ਮਿਲਣ ਦੀ ਆਗਿਆ ਮੰਗੀ ਹੈ। ਵਾਰ-ਵਾਰ ਵਕੀਲ ਬਦਲਣ ਕਾਰਨ ਇਸ ਬਾਰੇ ਗ੍ਰਹਿ ਵਿਭਾਗ ਕੋਲੋਂ ਹਦਾਇਤਾਂ ਲਈਆਂ ਜਾ ਰਹੀਆਂ ਹਨ।


ਇਹ ਵੀ ਪੜ੍ਹੋ: Jobs In America: ਇਹ ਨੌਕਰੀ ਤੁਹਾਨੂੰ ਬਣਾ ਦੇਵੇਗੀ ਕਰੋੜਪਤੀ, ਬੱਚਿਆਂ ਨਾਲ ਖੇਡਣ ਲਈ ਮਿਲੇਗੀ 83 ਲੱਖ ਦੀ ਤਨਖਾਹ