Amritsar News: ਢਾਡੀਆਂ ਨੇ ਸ਼੍ਰੋਮਣੀ ਕਮੇਟੀ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਆਪਣੀਆਂ ਮੰਗਾਂ ਨੂੰ ਲੈ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਨੇ ਸ਼੍ਰੋਮਣੀ ਕਮੇਟੀ ਖਿਲਾਫ ਪੱਕਾ ਧਰਨਾ ਸ਼ੁਰੂ ਕੀਤਾ ਹੈ। ਇਸ ਧਰਨੇ ਦੌਰਾਨ ਢਾਡੀ ਸਭਾ ਦੇ ਮੁਖੀ ਬਲਦੇਵ ਸਿੰਘ ਐਮਏ ਮਰਨ ਵਰਤ ’ਤੇ ਬੈਠ ਗਏ ਹਨ। ਢਾਡੀ ਸਭਾ ਵੱਲੋਂ ਇਹ ਰੋਸ ਧਰਨਾ ਵੀਰਵਾਰ ਨੂੰ ਸ਼੍ਰੋਮਣੀ ਕਮੇਟੀ ਮੁੱਖ ਦਫਤਰ ਬਾਹਰ ਸ਼ੁਰੂ ਕੀਤਾ ਗਿਆ ਹੈ। 


ਇਸ ਦੌਰਾਨ ਢਾਡੀ ਸਭਾ ਦੇ ਮੁਖੀ ਭਾਈ ਬਲਦੇਵ ਸਿੰਘ ਨੇ ਦੱਸਿਆ ਕਿ ਢਾਡੀ ਸਭਾ ਦੀਆਂ ਮੰਗਾਂ ਨੂੰ ਲੈ ਕੇ ਪੱਕਾ ਕਰਨਾ ਸ਼ੁਰੂ ਕੀਤਾ ਹੈ। ਧਰਨੇ ਦੌਰਾਨ ਢਾਡੀ ਬਾਣੀ ਦਾ ਪਾਠ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਧਰਨਾ ਰਾਤ ਦਿਨ ਜਾਰੀ ਰਹੇਗਾ। ਉਹ ਮਰਨ ਵਰਤ ਦੌਰਾਨ ਸਿਰਫ ਪਾਣੀ ਪੀਣਗੇ। ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਅਲਟੀਮੇਟਮ ਦਿੱਤਾ ਹੈ ਕਿ ਇਹ ਮਰਨ ਵਰਤ 13 ਜੂਨ ਤੱਕ ਜਾਰੀ ਰਹੇਗਾ ਤੇ 14 ਜੂਨ ਨੂੰ ਉਹ ਆਤਮਦਾਹ ਕਰਨਗੇ ਜਿਸ ਵਾਸਤੇ ਸ਼੍ਰੋਮਣੀ ਕਮੇਟੀ ਜ਼ਿੰਮੇਵਾਰ ਹੋਵੇਗੀ। 


ਉਨ੍ਹਾਂ ਕਿਹਾ ਕਿ ਜ਼ਿੰਮੇਵਾਰ ਲੋਕਾਂ ਦੇ ਨਾਂ ਉਹ ਜਲਦੀ ਹੀ ਜਨਤਕ ਕਰਨਗੇ। ਉਨ੍ਹਾਂ ਆਖਿਆ ਕਿ ਅੱਜ ਧਰਮ ਪ੍ਰਚਾਰ ਕਮੇਟੀ ਦੇ ਇੱਕ ਮੈਂਬਰ ਦਾ ਪੁਤਲਾ ਵੀ ਸਾੜਿਆ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਇਸ ਮੈਂਬਰ ਨੇ ਪ੍ਰੀਖਿਆ ਵਿੱਚ ਢਾਡੀ ਜਥੇ ਨੂੰ ਜਾਣਬੁੱਝ ਕੇ ਫੇਲ੍ਹ ਕੀਤਾ ਹੈ। ਢਾਡੀ ਸਭਾ ਦੀਆਂ ਮੰਗਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਵਿਖੇ ਢਾਡੀ ਜਥਿਆਂ ਦੇ ਵਾਰਾਂ ਗਾਇਨ ਦੇ ਸਮੇਂ ਵਿੱਚ ਕੀਤੀ ਗਈ ਕਟੌਤੀ ਨੂੰ ਖਤਮ ਕੀਤਾ ਜਾਵੇ ਤੇ ਮੁੜ ਪਹਿਲਾਂ ਵਾਂਗ 9 ਘੰਟੇ ਦਾ ਸਮਾਂ ਕੀਤਾ ਜਾਵੇ, ਗੁਰਪੁਰਬ ਤੇ ਹੋਰ ਦਿਨ ਤਿਉਹਾਰਾਂ ’ਤੇ ਮਿਲਦੀ ਭੇਟਾ ਨੂੰ ਮੁੜ ਚਾਲੂ ਕੀਤਾ ਜਾਵੇ।



ਉਨ੍ਹਾਂ ਕਿਹਾ ਕਿ ਇਹ ਧਰਨਾ ਆਰੰਭ ਕਰਨ ਤੋਂ ਪਹਿਲਾਂ ਆਪਣੀਆਂ ਮੰਗਾਂ ਬਾਰੇ ਸ਼੍ਰੋਮਣੀ ਕਮੇਟੀ ਦੇ ਇੱਕ ਵਧੀਕ ਸਕੱਤਰ ਰਾਹੀਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਸੂਚਿਤ ਕੀਤਾ ਗਿਆ ਸੀ ਪਰ ਉਨ੍ਹਾਂ ਵੱਲੋਂ ਕੋਈ ਹਾਂ ਪੱਖੀ ਹੁੰਗਾਰਾ ਨਹੀਂ ਆਇਆ। ਉਨ੍ਹਾਂ ਦੱਸਿਆ ਕਿ ਇਕ ਪੁਲੀਸ ਅਧਿਕਾਰੀ ਵੱਲੋਂ ਉਨ੍ਹਾਂ ਨੂੰ ਧਰਨੇ ਦਾ ਸਥਾਨ ਬਦਲਣ ਲਈ ਆਖਿਆ ਗਿਆ ਹੈ। 


ਇਸ ਦੌਰਾ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਆਖਿਆ ਕਿ ਸ੍ਰੀ ਅਕਾਲ ਤਖਤ ਵਿਖੇ ਢਾਡੀ ਵਾਰਾਂ ਦਾ ਗਾਇਨ ਕਰਨ ਵਾਲੀਆਂ ਦੋ ਢਾਡੀ ਜਥੇਬੰਦੀਆਂ ਹਨ। ਇਨ੍ਹਾਂ ਦੇ ਮਸਲਿਆਂ ਬਾਰੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਵਲੋਂ ਪਹਿਲਾਂ ਹੀ ਫੈਸਲਾ ਕੀਤਾ ਹੋਇਆ ਹੈ ਜਿਸ ਨਾਲ ਇਕ ਢਾਡੀ ਸਭਾ ਸਹਿਮਤ ਹੈ ਜਦੋਂਕਿ ਇਹ ਦੂਜੀ ਢਾਡੀ ਸਭਾ ਅਸਹਿਮਤ ਹੈ। ਉਨ੍ਹਾਂ ਕਿਹਾ ਕਿ ਭਲਕੇ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਨਾਲ ਢਾਡੀਆਂ ਦੇ ਇਸ ਮਸਲੇ ਬਾਰੇ ਗੱਲ ਕਰਨਗੇ।