Attari Railway Station: ਜਦੋਂ ਵੀ ਤੁਸੀਂ ਵਿਦੇਸ਼ ਜਾਂਦੇ ਹੋ ਤਾਂ ਹਮੇਸ਼ਾ ਵੀਜ਼ਾ ਤੇ ਪਾਸਪੋਰਟ ਦੀ ਲੋੜ ਹੁੰਦੀ ਹੈ। ਤੁਸੀਂ ਚਾਹੇ ਕਿਸੇ ਵੀ ਹੋਰ ਦੇਸ਼ ਵਿੱਚ ਚਲੇ ਜਾਓ, ਵੀਜ਼ਾ-ਪਾਸਪੋਰਟ ਤੋਂ ਬਿਨਾਂ ਐਂਟਰੀ ਨਹੀਂ ਮਿਲਦੀ। ਆਮ ਤੌਰ 'ਤੇ ਦੇਸ਼ ਵਿੱਚ ਯਾਤਰਾ ਕਰਦੇ ਸਮੇਂ ਇਨ੍ਹਾਂ ਦੀ ਜ਼ਰੂਰਤ ਨਹੀਂ ਹੁੰਦੀ, ਪਰ ਤੁਹਾਨੂੰ ਸ਼ਾਇਦ ਇਹ ਪਤਾ ਨਾ ਹੋਵੇ ਕਿ ਭਾਰਤ ਵਿੱਚ ਇੱਕ ਅਜਿਹਾ ਰੇਲਵੇ ਸਟੇਸ਼ਨ ਹੈ ਜਿੱਥੇ ਜਾਣ, ਟ੍ਰੇਨ ਫੜਨ ਜਾਂ ਯਾਤਰਾ ਕਰਨ ਲਈ ਵੀਜ਼ਾ ਤੇ ਪਾਸਪੋਰਟ ਦੀ ਲੋੜ ਹੁੰਦੀ ਹੈ। ਆਓ ਜਾਣਦੇ ਹਾਂ ਅਜਿਹਾ ਕਿਹੜਾ ਰੇਲਵੇ ਸਟੇਸ਼ਨ ਹੈ...
ਦੇਸ਼ 'ਚ ਹੀ ਵੀਜ਼ਾ ਤੇ ਪਾਸਪੋਰਟ ਦੀ ਲੋੜ
ਅਸੀਂ ਜਿਸ ਰੇਲਵੇ ਸਟੇਸ਼ਨ ਦੀ ਗੱਲ ਕਰ ਰਹੇ ਹਾਂ, ਉਹ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦਾ ਹੈ। ਇਸ ਦਾ ਨਾਂ ਅਟਾਰੀ ਰੇਲਵੇ ਸਟੇਸ਼ਨ ਹੈ। ਇੱਥੋਂ ਗੁਆਂਢੀ ਮੁਲਕ ਪਾਕਿਸਤਾਨ ਤੱਕ ਰੇਲਾਂ ਚੱਲਦੀਆਂ ਹਨ। ਇਹੀ ਕਾਰਨ ਹੈ ਕਿ ਦੇਸ਼ ਦਾ ਇਹ ਇਕਲੌਤਾ ਰੇਲਵੇ ਸਟੇਸ਼ਨ ਹੈ ਜਿੱਥੇ ਪਾਸਪੋਰਟ ਤੇ ਵੀਜ਼ਾ ਦੋਵਾਂ ਦੀ ਲੋੜ ਹੁੰਦੀ ਹੈ। ਜੇਕਰ ਤੁਸੀਂ ਇਨ੍ਹਾਂ ਦੋਵਾਂ ਦਸਤਾਵੇਜ਼ਾਂ ਤੋਂ ਬਿਨਾਂ ਇੱਥੇ ਫੜੇ ਜਾਂਦੇ ਹੋ, ਤਾਂ ਤੁਸੀਂ ਸਿੱਧੇ ਜੇਲ੍ਹ ਜਾ ਸਕਦੇ ਹੋ। ਇਹ ਮੁੱਦਾ ਭਾਰਤ-ਪਾਕਿਸਤਾਨ ਯਾਤਰਾ ਨਾਲ ਜੁੜਿਆ ਹੋਇਆ ਹੈ, ਇਸ ਲਈ ਇੱਥੇ ਬਹੁਤ ਸਖ਼ਤ ਸੁਰੱਖਿਆ ਹੈ।
ਬਿਨਾਂ ਵੀਜ਼ਾ-ਪਾਸਪੋਰਟ ਹੁੰਦਾ ਕੇਸ ਦਰਜ
ਅਟਾਰੀ ਰੇਲਵੇ ਸਟੇਸ਼ਨ 'ਤੇ ਬਿਨਾਂ ਵੀਜ਼ਾ ਤੇ ਪਾਸਪੋਰਟ ਤੋਂ ਫੜੇ ਜਾਣ 'ਤੇ 14 ਫਾਰਨ ਐਕਟ ਯਾਨੀ ਅੰਤਰਰਾਸ਼ਟਰੀ ਖੇਤਰ 'ਚ ਬਿਨਾਂ ਵੀਜ਼ੇ ਦੇ ਫੜੇ ਜਾਣ ਦਾ ਮਾਮਲਾ ਦਰਜ ਕਰ ਲਿਆ ਜਾਂਦਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਮਾਮਲੇ ਵਿੱਚ ਫੜੇ ਜਾਣ ਤੋਂ ਬਾਅਦ ਜ਼ਮਾਨਤ ਮਿਲਣ ਵਿੱਚ ਵੀ ਕਈ ਸਾਲ ਲੱਗ ਜਾਂਦੇ ਹਨ।
ਅਟਾਰੀ ਤੋਂ ਕਿਹੜੀਆਂ ਟ੍ਰੇਨਾਂ ਚੱਲਦੀਆਂ?
ਦਿੱਲੀ ਜਾਂ ਅੰਮ੍ਰਿਤਸਰ ਤੋਂ ਪਾਕਿਸਤਾਨ ਦੇ ਲਾਹੌਰ ਜਾਣ ਵਾਲੀਆਂ ਰੇਲ ਗੱਡੀਆਂ ਅਟਾਰੀ ਸਟੇਸ਼ਨ ਤੋਂ ਹੀ ਲੰਘਦੀਆਂ ਹਨ। ਦੋਵਾਂ ਦੇਸ਼ਾਂ ਦਰਮਿਆਨ ਨਾਗਰਿਕਾਂ ਲਈ ਸਮੇਂ-ਸਮੇਂ 'ਤੇ ਰੇਲ ਗੱਡੀਆਂ ਚਲਾਈਆਂ ਜਾਂਦੀਆਂ ਰਹੀਆਂ ਹਨ। ਸਮਝੌਤਾ ਐਕਸਪ੍ਰੈਸ ਵੀ ਇਨ੍ਹਾਂ ਵਿੱਚੋਂ ਇੱਕ ਹੈ। ਹਾਲਾਂਕਿ ਪਿਛਲੇ ਕੁਝ ਸਾਲਾਂ 'ਚ ਪਾਕਿਸਤਾਨ ਨਾਲ ਵਿਗੜਦੇ ਸਬੰਧਾਂ ਕਾਰਨ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ ਸਨ।
ਅਟਾਰੀ ਰੇਲਵੇ ਸਟੇਸ਼ਨ 'ਤੇ ਆਪਣਾ ਸਾਮਾਨ ਚੁੱਕਣਾ ਪਵੇਗਾ
ਇਸ ਰੇਲਵੇ ਸਟੇਸ਼ਨ 'ਤੇ ਸੁਰੱਖਿਆ ਦੇ ਜ਼ਬਰਦਸਤ ਪ੍ਰਬੰਧ ਹਨ। ਖੁਫੀਆ ਏਜੰਸੀ ਦੀ ਅੱਖ ਚੌਵੀ ਘੰਟੇ ਰਹਿੰਦੀ ਹੈ। ਇਸ ਸਟੇਸ਼ਨ 'ਤੇ ਪੋਰਟਰਾਂ ਦੀ ਇਜਾਜ਼ਤ ਨਹੀਂ। ਇਸ ਲਈ ਜੇਕਰ ਤੁਸੀਂ ਕਦੇ ਇੱਥੇ ਆਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਸਾਮਾਨ ਖੁਦ ਚੁੱਕਣਾ ਪਵੇਗਾ। ਇਸ ਰੇਲਵੇ ਸਟੇਸ਼ਨ 'ਤੇ ਕਈ ਫਿਲਮਾਂ ਦੀ ਸ਼ੂਟਿੰਗ ਵੀ ਹੋ ਚੁੱਕੀ ਹੈ।