Flood in Punjab: ਹਰ ਔਖੀ ਘੜੀ ਵੇਲੇ ਹਮੇਸ਼ਾਂ ਸਭ ਤੋਂ ਅੱਗੇ ਹੋ ਕੇ ਮਿਸਾਲੀ ਸੇਵਾ ਕਾਰਜ ਨਿਭਾਉਣ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ. ਐੱਸ. ਪੀ. ਸਿੰਘ ਓਬਰਾਏ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਅਜਿਹੇ ਲੋੜਵੰਦ ਲੋਕਾਂ ਨੂੰ ਘਰ ਬਣਾ ਕੇ ਦੇਣ ਦਾ ਐਲਾਨ ਕੀਤਾ ਹੈ, ਜਿਨ੍ਹਾਂ ਦੇ ਘਰ ਹੜ੍ਹ ਦੇ ਪਾਣੀ ਕਾਰਨ ਢਹਿ ਗਏ ਹਨ।


ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਟਰੱਸਟ ਦੇ ਬਾਨੀ ਡਾ. ਐੱਸ. ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਹੜ੍ਹਾਂ ਕਾਰਨ ਪੈਦਾ ਹੋਏ ਚਿੰਤਾਜਨਕ ਹਾਲਾਤ ਦੌਰਾਨ ਵੇਖਣ ਵਿਚ ਆਇਆ ਹੈ ਕਿ ਕੁਝ ਲੋਕਾਂ ਦੇ ਘਰਾਂ ਅੰਦਰ ਪਾਣੀ ਭਰ ਜਾਣ ਕਾਰਨ ਉਨ੍ਹਾਂ ਦੇ ਘਰ ਢਹਿ ਢੇਰੀ ਹੋ ਗਏ ਹਨ ਜਾਂ ਰਹਿਣਯੋਗ ਨਹੀਂ ਰਹੇ। ਇਸ ਲਈ ਉਨ੍ਹਾਂ ਨੇ ਫੈਸਲਾ ਕੀਤਾ ਹੈ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜਲਦ ਅਜਿਹੇ ਲੋੜਵੰਦ ਲੋਕਾਂ ਨੂੰ ਨਵੇਂ ਘਰ ਬਣਾ ਕੇ ਦੇਵੇਗਾ।




ਉਨ੍ਹਾਂ ਇਹ ਦੱਸਿਆ ਇਸ ਸਬੰਧੀ  ਟਰੱਸਟ ਦੀਆਂ ਹੜ੍ਹ ਪ੍ਰਭਾਵਿਤ ਇਲਾਕਿਆਂ ਨਾਲ ਸਬੰਧਿਤ ਜ਼ਿਲ੍ਹਾ ਇਕਾਈਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਕਿ ਉਹ ਪ੍ਰਭਾਵਿਤ ਲੋੜਵੰਦ ਲੋਕਾਂ ਦੀਆਂ ਸੂਚੀਆਂ ਬਣਾ ਕੇ ਉਨ੍ਹਾਂ ਤੱਕ ਪੁੱਜਦਾ ਕਰਨ ਤਾਂ ਜੋ ਟਰੱਸਟ ਵੱਲੋਂ ਮਾਹੌਲ ਸੁਖਾਵਾਂ ਹੋਣ ਉਪਰੰਤ ਜਲਦ ਤੋਂ ਜਲਦ ਘਰ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾ ਸਕੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਇਸ ਕਾਰਜ਼ ਲਈ ਟਰੱਸਟ ਆਪਣੀ ਇੱਕ ਵੱਖਰੀ ਵਿਸ਼ੇਸ਼ ਕਮੇਟੀ ਦਾ ਗਠਨ  ਕਰੇਗਾ, ਜੋ ਪੂਰੀ ਘੋਖ ਕਰਨ ਉਪਰੰਤ ਉਨ੍ਹਾਂ ਅਸਲ ਲੋੜਵੰਦਾਂ ਦੀ ਚੋਣ ਕਰੇਗੀ ਜਿਨ੍ਹਾਂ ਨੂੰ ਘਰ ਬਣਾ ਕੇ ਦਿੱਤੇ ਜਾਣਗੇ।


ਡਾ.ਓਬਰਾਏ ਨੇ ਇਹ ਵੀ ਦੱਸਿਆ ਕਿ ਟਰੱਸਟ ਵੱਲੋਂ ਪਿਛਲੇ ਕਈ ਦਿਨਾਂ ਤੋਂ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ-ਨਾਲ ਪ੍ਰਭਾਵਿਤ ਜ਼ਿਲ੍ਹਿਆਂ ਦੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਅਤੇ ਰੈੱਡ ਕਰਾਸ ਸੁਸਾਇਟੀਆਂ ਦੀ ਮੰਗ ਦੇ ਅਧਾਰ 'ਤੇ ਪ੍ਰਭਾਵਿਤ ਖੇਤਰਾਂ ਵਿਚ ਹੁਣ ਤੱਕ 250 ਟਨ ਦੇ ਕਰੀਬ ਪਸ਼ੂਆਂ ਲਈ ਮੱਕੀ ਦਾ ਆਚਾਰ,ਵੱਡੇ ਪੱਧਰ ਤੇ ਸੁੱਕੇ ਤੇ ਤਿਆਰ ਰਾਸ਼ਨ ਸਮੇਤ ਹੋਰ ਜ਼ਰੂਰੀ ਲੋੜੀਂਦਾ ਸਮਾਨ ਵੰਡਿਆ ਜਾ ਚੁੱਕਿਆ ਹੈ ਅਤੇ ਪ੍ਰਸ਼ਾਸਨ ਵੱਲੋਂ ਆ ਰਹੀ ਹੋਰ ਮੰਗ ਨੂੰ ਵੇਖਦਿਆਂ ਇਹ ਸੇਵਾ ਕਾਰਜ ਅੱਗੇ ਵੀ ਨਿਰੰਤਰ ਜਾਰੀ ਹਨ।