Amritsar News : ਵਿਜੀਲੈਂਸ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਨੂੰ ਅਦਾਲਤ ਵੱਲੋਂ ਕੋਈ ਰਾਹਤ ਨਹੀਂ ਮਿਲੀ ਹੈ ਅਤੇ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਓਮ ਪ੍ਰਕਾਸ਼ ਸੋਨੀ ਦਾ 2 ਦਿਨ ਦਾ ਰਿਮਾਂਡ ਖਤਮ ਹੋਣ 'ਤੇ ਅੱਜ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ,ਜਿੱਥੇ ਅਦਾਲਤ ਨੇ ਓਮ ਪ੍ਰਕਾਸ਼ ਸੋਨੀ ਨੂੰ 14 ਦਿਨ ਲਈ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਹੈ। 

 

ਦਰਅਸਲ 'ਚ ਓਮ ਪ੍ਰਕਾਸ਼ ਸੋਨੀ ਨੂੰ ਹਸਪਤਾਲ ਤੋਂ ਸਿੱਧਾ ਅਦਾਲਤ ਵਿੱਚ ਲਿਆਂਦਾ ਗਿਆ। ਓਮ ਪ੍ਰਕਾਸ਼ ਸੋਨੀ ਵ੍ਹੀਲ ਚੇਅਰ ਦੀ ਮਦਦ ਨਾਲ ਅਦਾਲਤ ਪਹੁੰਚਿਆ। ਓਮ ਪ੍ਰਕਾਸ਼ ਸੋਨੀ ਦੇ ਵਕੀਲ ਪਰਦੀਪ ਸੋਨੀ ਨੇ ਦੱਸਿਆ ਕਿ
  ਵਿਜੀਲੈਂਸ ਵੱਲੋਂ ਓਪੀ ਸੋਨੀ ਦੇ ਹੋਰ ਰਿਮਾਂਡ ਦੀ ਮੰਗ ਕੀਤੀ ਗਈ ਸੀ ਪਰ ਅਦਾਲਤ ਨੇ ਇਸ ਨੂੰ ਰੱਦ ਕਰ ਦਿੱਤਾ ਅਤੇ ਫਿਲਹਾਲ ਸੋਨੀ ਦਾ ਗੁਰੂ ਨਾਨਕ ਦੇਵ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।

 

ਦੱਸ ਦੇਈਏ ਕਿ 9 ਜੁਲਾਈ ਨੂੰ ਵਿਜੀਲੈਂਸ ਵੱਲੋਂ ਸੋਨੀ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਅਦਾਲਤ ਵੱਲੋਂ 2 ਦਿਨਾਂ ਦੇ ਰਿਮਾਂਡ 'ਤੇ ਭੇਜਿਆ ਗਿਆ ਸੀ। ਉਦੋਂ ਉਨ੍ਹਾਂ ਦੀ ਸਿਹਤ ਵਿਗੜਨ ਕਰਕੇ ਉਨ੍ਹਾਂ ਨੂੰ ਫੋਰਟਿਸ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਆਈਸੀਯੂ ਵਿਚ ਹੋਣ ਕਰਕੇ ਉਨ੍ਹਾਂ ਦੀ ਅਗਲੀ ਪੇਸ਼ੀ ਵੀਡੀਓ ਕਾਨਫਰੰਸ ਰਾਹੀਂ ਹੋਈ ਸੀ। ਉਸ ਤੋਂ ਬਾਅਦ ਜਦੋਂ ਅਗਲੇ ਦਿਨ ਵੀ ਵਿਜੀਲੈਂਸ ਵਲੋਂ ਓਪੀ ਸੋਨੀ ਨੂੰ ਅਦਾਲਤ ਵਿਚ ਪੇਸ਼ ਨਹੀਂ ਕੀਤਾ ਗਿਆ ਤਾਂ ਉਸ ਨੂੰ 20 ਜੁਲਾਈ ਤੱਕ ਨਿਆਂਇਕ ਹਿਰਾਸਤ ਵਿਚ ਭੇਜ ਦਿਤਾ ਗਿਆ ਸੀ।  

 

ਵਿਜੀਲੈਂਸ ਬਿਊਰੋ ਅਨੁਸਾਰ ਸਾਬਕਾ ਉਪ ਮੁੱਖ ਮੰਤਰੀ ਨੇ ਸਾਲ 2016 ਤੋਂ ਸਾਲ 2022 ਤੱਕ ਆਮਦਨ ਤੋਂ ਵੱਧ ਜਾਇਦਾਦਾਂ ਹਾਸਲ ਕੀਤੀਆਂ ਹਨ। 1 ਅਪ੍ਰੈਲ, 2016 ਤੋਂ 31 ਮਾਰਚ, 2022 ਤੱਕ, ਕੁੱਲ ਆਮਦਨ 4,52,18,771 ਰੁਪਏ ਸੀ, ਜਦੋਂ ਕਿ ਉਸ ਦੀ ਤਰਫੋਂ ਖਰਚਾ 12,48,42,692 ਰੁਪਏ ਸੀ। ਸੋਨੀ ਦੁਆਰਾ ਕੀਤਾ ਗਿਆ ਇਹ ਖਰਚਾ 7,96,23,921 ਰੁਪਏ ਯਾਨੀ ਉਸਦੀ ਆਮਦਨ ਤੋਂ 176.08 ਫੀਸਦੀ ਵੱਧ ਹੈ। ਸੋਨੀ ਨੇ ਆਪਣੀ ਪਤਨੀ ਸੁਮਨ ਸੋਨੀ ਅਤੇ ਬੇਟੇ ਰਾਘਵ ਸੋਨੀ ਦੇ ਨਾਂ 'ਤੇ ਜਾਇਦਾਦਾਂ ਰੱਖੀਆਂ ਹੋਈਆਂ ਹਨ। ਵਿਜੀਲੈਂਸ ਬਿਊਰੋ ਪਿਛਲੇ 6 ਮਹੀਨਿਆਂ ਤੋਂ ਉਸ ਦੀਆਂ ਜਾਇਦਾਦਾਂ ਦੀ ਜਾਂਚ ਵਿੱਚ ਜੁਟੀ ਹੋਈ ਸੀ।