ਅੰਮ੍ਰਿਤਸਰ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੱਜ ਪੂਰੇ ਪੰਜਾਬ 'ਚ ਵੱਖ-ਵੱਖ ਥਾਵਾਂ 'ਤੇ ਤਿੰਨ ਘੰਟੇ ਲਈ ਰੇਲਵੇ ਟਰੈਕ 'ਤੇ ਧਰਨੇ ਲਗਾ ਕੇ ਰੇਲਵੇ ਆਵਾਜਾਈ ਨੂੰ ਠੱਪ ਕੀਤਾ। ਹਾਸਲ ਜਾਣਕਾਰੀ ਮੁਤਾਬਕ ਪੂਰੇ ਪੰਜਾਬ 'ਚ 17 ਥਾਵਾਂ 'ਤੇ ਕਿਸਾਨਾਂ ਨੇ ਰੇਲਵੇ ਟਰੈਕ ਜਾਮ ਕੀਤੇ। 


ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਲਖੀਮਪੁਰ ਖੀਰੀ ਕਾਂਡ ਦੇ ਮੁੱਖ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ, ਕੇਂਦਰੀ ਮੰਤਰੀ ਅਜੈ ਮਿਸ਼ਰਾ ਨੂੰ ਕੇਂਦਰੀ ਮੰਤਰੀ ਮੰਡਲ 'ਚੋਂ ਬਰਖਾਸਤ ਕਰਨ ਦੀ ਮੰਗ, ਐਮਐਸਪੀ ਕਾਨੂੰਨ ਬਣਾਉਣ ਬਾਬਤ ਮੰਗ, ਝੋਨੇ ਦੀ ਖਰੀਦ 'ਚ ਸਰਕਾਰ ਵੱਲੋਂ ਲਾਈ ਗਈ 23 ਕੁਇੰਟਲ ਪ੍ਰਤੀ ਏਕੜ ਦੀ ਲਾਈ ਸ਼ਰਤ ਹਟਾਉਣ ਆਦਿ ਸਬੰਧੀ ਮੰਗਾਂ ਸੰਬੰਧੀ ਅੱਜ ਦੇ ਧਰਨੇ ਦੀ ਕਾਲ ਦਿੱਤੀ ਗਈ ਸੀ।


ਅੰਮ੍ਰਿਤਸਰ ਦੇ ਵੱਲਾ ਫਾਟਕ ਵਿਖੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਦੀ ਪੰਧੇਰ ਦੀ ਅਗਵਾਈ 'ਚ ਵੱਡਾ ਇਕੱਠ ਕਰਕੇ ਪ੍ਰਦਰਸ਼ਨ ਕੀਤਾ। ਅੱਜ ਧਰਨੇ ਕਾਰਨ ਅੰਮ੍ਰਿਤਸਰ ਨੂੰ ਆਉਣ ਜਾਣ ਵਾਲੀਆਂ ਡੇਢ ਦਰਜਨ ਦੇ ਕਰੀਬ ਰੇਲ ਗੱਡੀਆਂ ਪ੍ਰਭਾਵਤ ਹੋਈਆਂ। 


ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕੇਂਦਰ ਸਰਕਾਰ ਇਕ ਸਾਲ ਤੋਂ ਲਖੀਮਪੁਰ ਖੀਰੀ ਕਾਂਡ ਦੇ ਮੁੱਖ ਦੋਸ਼ੀਆਂ ਨੂੰ ਬਚਾਉਣ 'ਚ ਲੱਗੀ ਹੈ ਜਦਕਿ ਉਸ ਕਾਂਡ ਦੇ ਮੁਲਜ਼ਮਾਂ ਖਿਲਾਫ ਕਾਰਵਾਈ ਕਰਵਾਉਣ ਲਈ ਕਿਸਾਨ ਸੰਘਰਸ਼ ਕਰਦੇ ਰਹਿਣਗੇ। ਇਸ ਦੇ ਨਾਲ ਹੀ ਪੰਧੇਰ ਨੇ ਮੰਗ ਕੀਤੀ ਕਿ ਗ੍ਰਿਫਤਾਰ ਕੀਤੇ ਬੇਦੋਸ਼ੇ ਨੌਜਵਾਨਾਂ ਨੂੰ ਰਿਹਾਅ ਕੀਤਾ ਜਾਵੇ।


ਇਹ ਵੀ ਪੜ੍ਹੋ: ਲਖਮੀਪੁਰ ਖੀਰੀ ਹਿੰਸਾ ਨੂੰ ਸਾਲ ਹੋਇਆ ਪੂਰਾ, ਅਜੇ ਵੀ ਇਨਸਾਫ਼ ਦੀ ਰਾਹ ਤੱਕ ਰਹੇ ਨੇ ਪੀੜਤ ਪਰਿਵਾਰ


ਫ਼ਾਜ਼ਿਲਕਾ: ਰੇਲਵੇ ਸਟੇਸ਼ਨ 'ਤੇ ਅੱਜ ਵੱਡੀ ਗਿਣਤੀ ਵਿੱਚ ਇਲਾਕੇ ਦੇ ਕਿਸਾਨ ਪਹੁੰਚੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਫ਼ਾਜ਼ਿਲਕਾ ਰੇਲਵੇ ਟਰੈਕ ਨੂੰ ਜਾਮ ਕਰ ਦਿੱਤਾ ਗਿਆ। ਰੇਲਵੇ ਟਰੈਕ ਵਿੱਚ ਟੈਂਟ ਲਾ ਕੇ ਬੈਠੇ ਕਿਸਾਨਾਂ ਦਾ ਕਹਿਣਾ ਹੈ ਕਿ ਤਿੰਨ ਘੰਟੇ ਲਈ 12 ਤੋਂ ਲੈ ਕੇ 3 ਵਜੇ ਤੱਕ ਕਿਸਾਨ ਰੇਲਵੇ ਟਰੈਕ ਜਾਮ ਕਰ ਬੈਠੇ ਹਨ। 


ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਤੇ ਕੇਂਦਰ ਸਰਕਾਰ ਦੀ ਨੀਤੀ ਕਾਰਪੋਰੇਟ ਘਰਾਣਿਆਂ ਵੱਲ ਵਧਦੀ ਜਾ ਰਹੀ ਹੈ ਜਿਸ ਦਾ ਲਗਾਤਾਰ ਉਨ੍ਹਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਹਰ ਇੱਕ ਪਬਲਿਕ ਸੈਕਟਰ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ ਜਿਸ ਖ਼ਿਲਾਫ਼ ਉਨ੍ਹਾਂ ਵੱਲੋਂ ਆਪਣਾ ਰੋਸ ਜ਼ਾਹਿਰ ਕੀਤਾ ਜਾ ਰਿਹਾ ਹੈ। ਹਾਲਾਂਕਿ ਸੁਰੱਖਿਆ ਦੇ ਮੱਦੇਨਜ਼ਰ ਮੌਕੇ ਤੇ ਵੱਡੀ ਗਿਣਤੀ ਵਿੱਚ ਪੁਲਿਸ ਸੁਰੱਖਿਆ ਵੀ ਤਾਇਨਾਤ ਕੀਤੀ ਗਈ ਹੈ।