Amritsar News : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸਥਿਤ ਕੇਂਦਰੀ ਸਿੱਖ ਅਜਾਇਬ ਘਰ ’ਚ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ  ਦੇ ਅਨਿੰਨ ਸ਼ਰਧਾਲੂ ਭਾਈ ਨਗਾਹੀਆ ਸਿੰਘ, ਸਾਕਾ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ 1964, ਮੋਰਚਾ ਗੰਗਸਰ ਜੈਤੋ ਦੇ ਸ਼ਹੀਦ ਭਾਈ ਦਇਆ ਸਿੰਘ, ਗਦਰੀ ਬਾਬਾ ਸ਼ਹੀਦ ਭਾਈ ਬੰਤਾ ਸਿੰਘ ਸੰਘਵਾਲ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਤੋਤਾ ਸਿੰਘ ਦੀਆਂ ਤਸਵੀਰਾਂ ਸੁਸ਼ੋਭਿਤ ਕੀਤੀਆਂ ਗਈਆਂ। ਤਸਵੀਰਾਂ ਤੋਂ ਪਰਦਾ ਹਟਾਉਣ ਦੀ ਰਸਮ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਬਾਬਾ ਨਿਹਾਲ ਸਿੰਘ ਮੁਖੀ ਤਰਨਾ ਦਲ ਹਰੀਆਂ ਵੇਲਾਂ ਵਾਲਿਆਂ ਨੇ ਨਿਭਾਈ। 



ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੋਮਣੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਕੇਂਦਰੀ ਸਿੱਖ ਅਜਾਇਬ ਘਰ ਸਿੱਖ ਇਤਿਹਾਸ ਅਤੇ ਵਿਰਾਸਤ ਦਾ ਅਹਿਮ ਸੋਮਾ ਹੈ ਅਤੇ ਇਥੇ ਕੌਮ ਲਈ ਘਾਲਣਾ ਘਾਲਣ ਵਾਲਿਆਂ ਦੀਆਂ ਤਸਵੀਰਾਂ ਸੁਸ਼ੋਭਿਤ ਕਰਕੇ ਕੌਮੀ ਸਨਮਾਨ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਭਾਈ ਨਗਾਹੀਆ ਸਿੰਘ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਾਛੀਵਾੜੇ ਤੋਂ ਪਿੰਡ ਆਲਮਗੀਰ ਪਹੁੰਚਣ ’ਤੇ ਘੋੜਾ ਭੇਟ ਕੀਤਾ ਸੀ। ਗੁਰੂ ਸਾਹਿਬ ਦੇ ਇਸ ਸ਼ਰਧਾਲੂ ਸਿੱਖ ਪ੍ਰਤੀ ਸੰਗਤਾਂ ਅੰਦਰ ਵੱਡਾ ਸਤਿਕਾਰ ਹੈ, ਜਿਸ ਨੂੰ ਵੇਖਦਿਆਂ ਉਨ੍ਹਾਂ ਦੀ ਤਸਵੀਰ ਇਥੇ ਲਗਾਈ ਗਈ ਹੈ। ਉਨ੍ਹਾਂ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਦੇ ਸ਼ਹੀਦੀ ਸਾਕੇ ਦੀ ਗੱਲ ਕਰਦਿਆਂ ਕਿਹਾ ਕਿ 22 ਮਈ 1964 ਨੂੰ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਜਥੇਬੰਦੀ ਦੇ 11 ਸਿੰਘਾਂ ਨੇ ਬਾਬਾ ਹਰਭਜਨ ਸਿੰਘ ਦੀ ਅਗਵਾਈ ਵਿਚ ਮਹੰਤਾਂ ਪਾਸੋਂ ਗੁਰੂ ਘਰ ਅਜ਼ਾਦ ਕਰਵਾਉਣ ਲਈ ਸ਼ਹਾਦਤਾਂ ਦਿੱਤੀਆਂ। ਇਹ ਮਿਸਾਲੀ ਸਾਕਾ ਹੈ, ਜਿਸ ਦੇ ਗਵਾਹ ਜਿੰਦਾ ਸ਼ਹੀਦ ਜਥੇਦਾਰ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ ਅੱਜ ਵੀ ਪੰਥਕ ਸੇਵਾਵਾਂ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਾਕੇ ਦੇ ਸ਼ਹੀਦਾਂ ਵੱਲੋਂ ਕੌਮੀ ਸੰਗਠਨ ਲਈ ਪਾਏ ਯੋਗਦਾਨ ਨੂੰ ਸਿੱਖ ਕੌਮ ਹਮੇਸ਼ਾ ਯਾਦ ਰੱਖੇਗੀ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਦੇ ਸ਼ਹੀਦ ਭਾਈ ਦਇਆ ਸਿੰਘ, ਗਦਰੀ ਯੋਧੇ ਭਾਈ ਬੰਤਾ ਸਿੰਘ ਸੰਘਵਾਲ ਤੇ ਸ਼੍ਰੋਮਣੀ ਕਮੇਟੀ ਦੇ ਲੰਮਾਂ ਸਮਾਂ ਮੈਂਬਰ ਰਹੇ ਪੰਜਾਬ ਦੇ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਦੀਆਂ ਪੰਥ ਲਈ ਸੇਵਾਵਾਂ ਅਤੇ ਘਾਲਣਾ ਵੀ ਮਿਸਾਲੀ ਹੈ। 





ਸਮਾਗਮ ਦੌਰਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਮਿਸਲ ਸ਼ਹੀਦਾਂ ਤਰਨਾ ਦਲ ਦੇ ਮੁਖੀ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਅਤੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਪੁੱਜੀਆਂ ਸ਼ਖ਼ਸੀਅਤਾਂ ਨੂੰ ਐਡਵੋਕੇਟ ਧਾਮੀ ਨੇ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।