Punjab News: ਸਿੱਖ ਕੌਮ ਦੀ ਸਰਵਉੱਚ ਧਾਰਮਿਕ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ (Sukhbir badal) ਨੂੰ ਸਜ਼ਾ ਸੁਣਾਈ ਹੈ। ਇਹ ਸਜ਼ਾ 2007 ਤੋਂ 2017 ਤੱਕ ਸ਼੍ਰੋਮਣੀ ਅਕਾਲੀ ਦਲ ਤੇ ਇਸ ਦੀ ਸਰਕਾਰ ਵੇਲੇ ਕੀਤੀਆਂ ਗਲਤੀਆਂ ਕਾਰਨ ਦਿੱਤੀ ਗਈ ਹੈ। ਇਨ੍ਹਾਂ ਦੋਸ਼ਾਂ 'ਚੋਂ ਇੱਕ ਦੋਸ਼ ਇਹ ਹੈ ਕਿ ਉਨ੍ਹਾਂ ਨੇ ਬੇਅਦਬੀ ਦੇ ਦੋਸ਼ੀ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫੀ ਦਿਵਾਉਣ 'ਚ ਭੂਮਿਕਾ ਨਿਭਾਈ ਸੀ। ਜਾਣੋ ਕੀ ਹੈ ਪੂਰਾ ਮਾਮਲਾ...



ਰਾਮ ਰਹੀਮ 'ਤੇ ਕੀ ਇਲਜ਼ਾਮ?


ਸੁਖਬੀਰ ਸਿੰਘ ਬਾਦਲ 'ਤੇ ਸਭ ਤੋਂ ਵੱਡਾ ਇਲਜ਼ਾਮ ਡੇਰਾ ਮੁਖੀ ਗੁਰਮੀਤ ਰਾਮ ਰਹੀਮ(Ram Rahim) ਨੂੰ ਲੈ ਕੇ  ਲੱਗਾ ਹੈ। ਸਾਲ 2007 ਵਿੱਚ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਸੀ ਤੇ ਮੁੱਖ ਮੰਤਰੀ ਸੁਖਬੀਰ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਸਨ। ਸੁਖਬੀਰ ਵੀ ਇਸ ਸਰਕਾਰ ਦਾ ਹਿੱਸਾ ਸਨ। ਉਸ ਨੇ ਸਲਾਬਤਪੁਰਾ ਵਿੱਚ ਗੁਰਮੀਤ ਰਾਮ ਰਹੀਮ ਖ਼ਿਲਾਫ਼ ਦਰਜ ਕੀਤਾ ਕੇਸ ਵਾਪਸ ਲੈ ਲਿਆ ਸੀ। ਰਾਮ ਰਹੀਮ 'ਤੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗਾ ਪਹਿਰਾਵਾ ਪਾ ਕੇ ਲੋਕਾਂ ਨੂੰ ਅੰਮ੍ਰਿਤ ਛਕਾਉਣ ਦਾ ਦੋਸ਼ ਸੀ। ਇਸ ਮਾਮਲੇ 'ਚ ਰਾਮ ਰਹੀਮ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਪਰ ਬਾਦਲ ਸਰਕਾਰ ਨੇ ਸਜ਼ਾ ਦਵਾਉਣ ਦੀ ਬਜਾਏ ਕੇਸ ਵਾਪਸ ਲੈ ਲਿਆ।


ਸ੍ਰੀ ਅਕਾਲ ਤਖ਼ਤ ਸਾਹਿਬ ਨੇ ਰਾਮ ਰਹੀਮ ਨੂੰ ਸਿੱਖ ਪੰਥ ਵਿੱਚੋਂ ਛੇਕ ਦਿੱਤਾ ਸੀ। ਸੁਖਬੀਰ ਨੇ ਆਪਣਾ ਪ੍ਰਭਾਵ ਵਰਤ ਕੇ ਰਾਮ ਰਹੀਮ ਨੂੰ ਮੁਆਫ਼ੀ ਦਿਵਾਈ ਸੀ ਤੇ ਬਾਅਦ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਰਾਮ ਰਹੀਮ ਨੂੰ ਮੁਆਫ਼ੀ ਦੇਣ ਦਾ ਫ਼ੈਸਲਾ ਵਾਪਸ ਲੈ ਲਿਆ ਸੀ।



ਸੁਖਬੀਰ ਨੇ ਆਪਣਾ ਗੁਨਾਹ ਕਬੂਲ ਕੀਤਾ ਹੈ ਕਿ ਉਸ ਨੇ ਜਥੇਦਾਰ ਸਾਹਿਬਾਨ ਨੂੰ ਆਪਣੀ ਰਿਹਾਇਸ਼ 'ਤੇ ਬੁਲਾ ਕੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫ਼ ਕਰਨ ਲਈ ਦਬਾਅ ਪਾਇਆ ਸੀ। ਪ੍ਰਕਾਸ਼ ਸਿੰਘ ਬਾਦਲ ਵੀ ਇਸ ਕੰਮ ਵਿੱਚ ਸ਼ਾਮਲ ਸਨ। ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਵੀ ਸਜ਼ਾ ਸੁਣਾਈ ਹੈ। ਉਹ ਹੁਣ ਧਾਰਮਿਕ ਇਕੱਠਾਂ ਨੂੰ ਸੰਬੋਧਨ ਨਹੀਂ ਕਰ ਸਕਦੇ। ਅਕਾਲ ਤਖ਼ਤ ਨੇ ਪ੍ਰਕਾਸ਼ ਬਾਦਲ ਨੂੰ ਦਿੱਤਾ ਗਿਆ ਖਿਤਾਬ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਸੁਖਬੀਰ ਨੇ ਇੱਕ-ਇੱਕ ਕਰਕੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਸਵੀਕਾਰ ਕਰ ਲਿਆ ਹੈ।