Amritsar News: ਪੰਚਾਇਤਾਂ ਤੇ ਪੇਂਡੂ ਵਿਕਾਸ ਵਿਭਾਗ ਪੰਜਾਬ ਵੱਲੋਂ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਸਰਸ ਮੇਲੇ ਜੋ ਕਿ ਕੱਲ੍ਹ ਭਾਵ 4 ਨਵੰਬਰ ਤੋਂ ਦੁਸ਼ਹਿਰਾ ਗਰਾਉਂਡ ਰਣਜੀਤ ਐਵੀਨਿਊ, ਅੰਮ੍ਰਿਤਸਰ ਵਿਖੇ ਸ਼ੁਰੂ ਹੋ ਰਿਹਾ ਹੈ ਦਾ ਉਦਘਾਟਨ ਕੈਬਨਿਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ. ਕਰਨਗੇ।


ਮੇਲੇ ਦੇ ਨੋਡਲ ਅਫ਼ਸਰ ਸ੍ਰੀ ਰਣਬੀਰ ਸਿੰਘ ਮੂਧਲ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਨੇ ਦੱਸਿਆ ਕਿ ਮੇਲੇ ਵਿੱਚ ਹੁਣ ਤੱਕ 25 ਰਾਜਾਂ ਤੋਂ 199 ਤੋਂ ਵੱਧ ਕਾਰੀਗਰਾਂ ਵਲੋਂ ਸਟਾਲ ਬੁੱਕ ਕਰਵਾਏ ਜਾ ਚੁਕੇ ਹਨ ਅਤੇ 100 ਦੇ ਕਰੀਬ ਕਾਰੀਗਰ ਹੋਰ ਆਉਣ ਦੀ ਸੰਭਾਵਨਾ ਹੈ। ਉਨਾਂ ਕਿਹਾ ਕਿ ਕਿਰਤ ਨੂੰ ਉਤਸ਼ਾਹਿਤ ਕਰਨ ਲਈ ਕਰਵਾਏ ਜਾ ਰਹੇ ਇਸ ਮੇਲੇ ਵਿੱਚ ਆਉਣ ਵਾਲੇ ਕਾਰੀਗਰਾਂ ਜਿਨ੍ਹਾਂ ਦੀਆਂ ਹੱਥ ਕਿਰਤਾਂ ਇਸ ਮੇਲੇ ਵਿੱਚ ਵਿੱਕਣ ਲਈ ਆਈਆਂ ਹਨ ਨੂੰ ਸਟਾਲ, ਰਹਿਣ -ਸਹਿਣ, ਖਾਣ-ਪੀਣ ਅਤੇ ਆਉਣ-ਜਾਣ ਦਾ ਖਰਚਾ ਵੀ ਸਰਕਾਰ ਵਲੋਂ ਕੀਤਾ ਜਾਣਾ ਹੈ ਜਿਸ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ।


ਉਨਾਂ ਦੱਸਿਆ ਕਿ ਵੱਡੇ ਪੱਧਰ ਤੇ ਕੀਤੇ ਗਏ ਪ੍ਰਬੰਧਾਂ ਵਿੱਚ ਲਗਾਏ ਇਸ ਮੇਲੇ ਲਈ ਬਹੁਤ ਮਾਮੁਲੀ ਫੀਸ ਦਰਸ਼ਕਾਂ ਕੋਲੋਂ ਲਈ ਜਾਵੇਗੀ, ਜਦਕਿ ਵਿਦਿਆਰਥੀਆਂ ਦਾ ਦਾਖਲਾ ਬਿਲਕੁੱਲ ਮੁਫ਼ਤ ਹੋਵੇਗਾ। ਉਨਾਂ ਦੱਸਿਆ ਕਿ 14 ਦਿਨ ਚੱਲਣ ਵਾਲੇ ਇਸ ਮੇਲੇ ਵਿੱਚ ਹਰੇਕ ਸ਼ਾਮ ਪੰਜਾਬ ਦੇ ਨਾਮੀ ਕਲਾਕਾਰ ਲੋਕਾਂ ਦਾ ਮਨੋਰੰਜਨ ਕਰਨਗੇ ਅਤੇ ਇਹ ਦਾਖਲਾ ਵੀ ਮੇਲੇ ਲਈ ਖਰੀਦੀ ਕੇਵਲ 20 ਰੁਪਏ ਦੀ ਟਿਕਟ ਨਾਲ ਹੀ ਮਿਲੇਗਾ।


ਉਨਾਂ ਦੱਸਿਆ ਕਿ ਉੱਚ ਦਰਜੇ ਦੀਆਂ ਹੱਥ ਕਿਰਤਾਂ ਜਿਸ ਵਿੱਚ ਕੱਪੜੇ, ਘਰ ਦੀ ਸਜਾਵਟ ਦਾ ਸਾਮਾਨ, ਬਰਤਣ, ਬੈਗ, ਲਕੜ ਦਾ ਸਾਮਾਨ, ਫਰਨੀਚਰ, ਵੱਖ-ਵੱਖ ਧਾਤਾਂ ਦੀਆਂ ਹੱਥਾਂ ਨਾਲ ਬਣੀਆਂ ਕਲਾ ਕਿਰਤਾਂ ਇਸ ਮੇਲੇ ਦਾ ਸ਼ਿੰਗਾਰ ਬਣਨਗੀਆਂ। ਉਨਾਂ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਚੜ੍ਹ ਕੇ ਪਰਿਵਾਰਾਂ ਸਮੇਤ ਇਸ ਮੇਲੇ ਵਿੱਚ ਸ਼ਿਰਕਤ ਕਰਨ ਅਤੇ ਦੇਸ਼ ਭਰ ਦੇ ਲਜੀਜ਼ ਖਾਣਿਆਂ, ਝੂਲਿਆਂ ਦਾ ਸਵਾਦ ਲੈਣ ਤੇ ਆਪਣੇ ਘਰਾਂ ਲਈ ਖਰੀਦਦਾਰੀ ਕਰਕੇ ਇਨਾਂ ਕਿਰਤੀਆਂ ਨੂੰ ਉਤਸ਼ਾਹਿਤ ਕਰਨ।


ਇਹ ਵੀ ਪੜ੍ਹੋ: Car Safety Features: ਸੀਟਬੈਲਟ ਤੋਂ ਬਿਨਾਂ, ਏਅਰਬੈਗ ਵੀ ਨਹੀਂ ਬਚਾ ਸਕਦੇ ਤੁਹਾਡੀ ਜਾਨ, ਜਾਣੋ ਇਹ ਕਿਵੇਂ ਕੰਮ ਕਰਦਾ ਹੈ


ਇਸ ਮੌਕੇ  ਡੀਡੀਪੀਓ ਸਤੀਸ਼ ਕੁਮਾਰ, ਡਿਪਟੀ ਸੀਈਓ ਸ੍ਰੀ ਗੁਰਦਰਸ਼ਨ ਕੁੰਡਲ, ਸੈਕਟਰੀ ਤਜਿੰਦਰ ਸਿੰਘ ਰਾਜਾ, ਮੈਡਮ ਅਮਿਕਾ ਵਰਮਾ, ਪ੍ਰਭਪ੍ਰੀਤ ਸਿੰਘ, ਕੁਆਰਡੀਨੇਟਰ ਬਿਕਰਮਜੀਤ ਸਿੰਘ, ਅਭਿਸ਼ੇਕ ਵਰਮਾ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।