ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਹਾਲ ਹੀ ਵਿੱਚ ਪਾਕਿਸਤਾਨ ਵਿੱਚ ਮਾਰੇ ਗਏ ਖਾਲਿਸਤਾਨੀ ਸਮਰਥਕ ਤੇ ਦਲ ਖਾਲਸਾ ਦੇ ਸੰਸਥਾਪਕ ਗਜਿੰਦਰ ਸਿੰਘ ਦੇ ਹੱਕ ਵਿੱਚ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਗਜਿੰਦਰ ਸਿੰਘ ਨੂੰ ਸਿੱਖ ਕੌਮ ਦਾ ਯੋਧਾ ਦੱਸਿਆ। ਉਨ੍ਹਾਂ ਦਾ ਕਹਿਣਾ ਹੈ ਕਿ ਗਜਿੰਦਰ ਸਿੰਘ ਨੇ 1981 ਵਿੱਚ AI ਫਲਾਈਟ 423 ਨੂੰ ਹਾਈਜੈਕ ਕਰਕੇ ਕੋਈ ਹਿੰਸਾ ਨਹੀਂ ਕੀਤੀ ਸੀ।


ਜਿਵੇਂ ਭਗਤ ਸਿੰਘ ਨੇ ਕੀਤਾ ਸੀ ਉੰਝ ਹੀ....


ਅੰਮ੍ਰਿਤਸਰ ਪੁੱਜੇ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਗਜਿੰਦਰ ਸਿੰਘ ਕੁਝ ਦਿਨ ਪਹਿਲਾਂ ਹੀ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਚੁੱਕੇ ਹਨ। ਗਜਿੰਦਰ ਸਿੰਘ ਨੇ ਸਿੱਖ ਕੌਮ ਲਈ ਬਹੁਤ ਵੱਡੀ ਕੁਰਬਾਨੀ ਕੀਤੀ ਅਤੇ ਲੰਮਾ ਸਮਾਂ ਜਲਾਵਤਨੀ ਵਿੱਚ ਗੁਜ਼ਾਰਿਆ ਪਰ 1981 ਵਿੱਚ ਉਸ ਨੇ ਜਹਾਜ਼ ਹਾਈਜੈਕ ਕਰਕੇ ਕੋਈ ਹਿੰਸਾ ਨਹੀਂ ਕੀਤੀ। ਉਸ ਨੇ ਤਤਕਾਲੀ ਸਰਕਾਰ ਦੇ ਕੰਨ ਖੋਲਣ ਲਈ ਜਹਾਜ਼ ਹਾਈਜੈਕ ਕਰ ਲਿਆ ਸੀ। ਇਹ ਉਸੇ ਤਰ੍ਹਾਂ ਸੀ ਜਿਵੇਂ ਸ਼ਹੀਦ ਭਗਤ ਸਿੰਘ ਨੇ ਅੰਗਰੇਜ਼ ਸਰਕਾਰ ਦੇ ਕੰਨ ਖੋਲ੍ਹਣ ਲਈ ਬੰਬ ਸੁੱਟਿਆ ਸੀ।


ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਸਿੱਖਾਂ ਨੂੰ ਹਮੇਸ਼ਾ ਗੱਦਾਰ ਆਖ ਕੇ ਜੇਲ੍ਹਾਂ ਵਿੱਚ ਡੱਕਿਆ ਗਿਆ ਹੈ। ਕੁਝ ਦਿਨ ਪਹਿਲਾਂ ਗ੍ਰਹਿ ਮੰਤਰੀ ਨੇ ਸੰਸਦ ਵਿੱਚ ਬਿਆਨ ਦਿੱਤਾ ਸੀ ਕਿ 1975 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਐਮਰਜੈਂਸੀ ਲਗਾ ਕੇ ਦੇਸ਼ ਦੇ ਸੰਵਿਧਾਨ ਦਾ ਕਤਲ ਕਰ ਦਿੱਤਾ ਸੀ। ਉਸ ਸਮੇਂ ਸਿੱਖ ਕੌਮ ਨੇ ਹੀ ਐਮਰਜੈਂਸੀ ਵਿਰੁੱਧ ਆਵਾਜ਼ ਉਠਾਈ ਸੀ। ਅਕਾਲੀ ਦਲ ਦੀ ਅਗਵਾਈ ਵਿੱਚ ਮੋਰਚੇ ਲਾਏ ਗਏ ਅਤੇ ਜੇਲ੍ਹਾਂ ਕੱਟੀਆਂ।


ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ 1978 ਵਿੱਚ ਦੋ ਪੰਡਯਾ ਭਰਾਵਾਂ ਨੇ ਇੰਦਰਾ ਗਾਂਧੀ ਦੀ ਰਿਹਾਈ ਦੀ ਮੰਗ ਲਈ ਇੱਕ ਜਹਾਜ਼ ਹਾਈਜੈਕ ਕਰ ਲਿਆ ਸੀ। ਦਵਿੰਦਰ ਪੰਡਯਾ ਅਤੇ ਭੋਲਾ ਨਾਥ ਪੰਡਯਾ। ਇਨ੍ਹਾਂ ਵਿੱਚੋਂ ਇੱਕ ਨੂੰ ਵਿਧਾਇਕ ਬਣਾ ਕੇ ਮੰਤਰੀ ਬਣਾ ਦਿੱਤਾ ਜਾਂਦਾ ਹੈ ਅਤੇ ਦੂਜੇ ਨੂੰ ਸਾਂਸਦ ਬਣਾ ਕੇ ਸੰਸਦ ਵਿੱਚ ਬਿਠਾਇਆ ਜਾਂਦਾ ਹੈ। ਜੇਕਰ ਕੋਈ ਸਿੱਖ ਨੌਜਵਾਨ ਸਰਕਾਰ ਦੇ ਕੰਨ ਖੋਲਣ ਲਈ ਜਹਾਜ਼ ਹਾਈਜੈਕ ਕਰਦਾ ਹੈ ਤਾਂ ਉਸ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ ਜਾਂ ਜ਼ਲੀਲ ਕੀਤਾ ਜਾਂਦਾ ਹੈ। ਸਿੱਖਾਂ ਲਈ ਹਮੇਸ਼ਾ ਹੀ ਦੋਹਰੇ ਮਾਪਦੰਡ ਅਪਣਾਏ ਗਏ ਹਨ।