Punjab news: ਅਕਾਲ ਤਖ਼ਤ ਸਾਹਿਬ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਨੇ ਕੇਂਦਰ ਅਤੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ 'ਤੇ ਚਲਾਈਆਂ ਗਈਆਂ ਗੋਲੀਆਂ ਅਤੇ ਅਥਰੂ ਗੈਸ ਦੇ ਗੋਲੇ ਸੁੱਟਣ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। 


ਉਨ੍ਹਾਂ ਕਿਹਾ ਕਿ ਕਿਸਾਨ ਸਰਕਾਰਾਂ ਕੋਲੋਂ ਆਪਣਾ ਹੱਕ ਮੰਗ ਮੰਗ ਕੇ ਥੱਕ ਚੁੱਕੇ ਹਨ, ਪਰ ਸਰਕਾਰਾਂ ਦੇ ਕੰਨਾਂ 'ਤੇ ਜੂੰ ਨਹੀਂ ਸਰਕ ਰਹੀ। ਗਿਆਨੀ ਮਲਕੀਤ ਸਿੰਘ ਨੇ ਕਿਹਾ ਕਿ ਮਜਬੂਰੀ ਕਰਕੇ ਕਿਸਾਨਾਂ ਨੂੰ ਦਿੱਲੀ ਵੱਲ ਜਾਣ ਲਈ ਦੁਬਾਰਾ ਕਦਮ ਚੁੱਕਣਾ ਪਿਆ ਹੈ।


ਗਿਆਨੀ ਮਲਕੀਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਡੇ-ਵੱਡੇ ਸਰਮਾਏਦਾਰਾਂ ਦਾ ਕਰਜ਼ਾ ਮੁਆਫ਼ ਕਰ ਰਹੀ ਹੈ ਅਤੇ ਗਰੀਬ ਕਿਸਾਨ ਜਿਹੜੇ ਦੇਸ਼ ਨੂੰ ਅੰਨ ਦਿੰਦੇ ਹਨ ਉਨ੍ਹਾਂ ਦਾ ਕਰਜ਼ਾ ਮੁਆਫ਼ ਨਹੀਂ ਕਰ ਰਹੀ, ਫਿਰ ਵੀ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਉਹ ਪਿੱਛੇ ਨਹੀਂ ਹਟੇ, ਉਹ ਦਿੱਲੀ ਵੱਲ ਕੂਚ ਕਰ ਰਹੇ ਹਨ।


ਉਨ੍ਹਾਂ ਅੱਗੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਲਈ ਪੂਰੀ ਫੋਰਸ ਅਤੇ ਆਪਣੀ ਤਾਕਤ ਲਗਾ ਦਿੱਤੀ ਹੈ। ਪਰ ਫਿਰ ਵੀ ਕਿਸਾਨ ਆਪਣੀ ਜਾਨ ਤਲੀ 'ਤੇ ਰੱਖ ਕੇ ਅੱਗੇ ਨੂੰ ਵੱਧ ਰਹੇ ਹਨ। ਗਿਆਨੀ ਮਲਕੀਤ ਸਿੰਘ ਨੇ ਕਿਹਾ ਕਿ ਇਕੱਲੇ ਪੰਜਾਬ ਦੇ ਨਾਲ ਨਹੀਂ, ਸਗੋਂ ਘੱਟ ਗਿਣਤੀਆਂ ਦੇ ਨਾਲ ਕੇਂਦਰ ਸਰਕਾਰ ਧੱਕਾ ਕਰ ਰਹੀ ਹੈ


ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਘਟਨਾ ਹੈ, ਸਰਕਾਰ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ। ਸਰਕਾਰਾਂ ਨੂੰ ਜਨਤਾ ਦੇ ਮਸਲੇ ਵੱਲ ਧਿਆਨ ਦੇਣਾ ਚਾਹੀਦਾ ਹੈ। ਸਾਰੇ ਦੇਸ਼ ਨੂੰ ਅੰਨ ਦੇਣ ਵਾਲਾ ਕਿਸਾਨ ਅੱਜ ਕੇਂਦਰ ਸਰਕਾਰ ਅੱਗੇ ਗੁਹਾਰ ਲਗਾ ਰਿਹਾ ਹੈ ਅਤੇ ਉਸ ਨੂੰ ਉਸ ਦਾ ਜਵਾਬ ਗੋਲੀ ਰਾਹੀਂ ਮਿਲ ਰਿਹਾ ਹੈ। 


ਇਹ ਵੀ ਪੜ੍ਹੋ: Punjab news: ਕਿਸਾਨ ਧਰਨੇ ਦੌਰਾਨ ਜ਼ਖਮੀ ਹੋਏ ਵਿਅਕਤੀਆਂ ਦਾ ਸਾਰਾ ਖਰਚਾ ਪੰਜਾਬ ਸਰਕਾਰ ਚੁੱਕੇਗੀ- ਡਾ. ਬਲਬੀਰ ਸਿੰਘ


ਹੈਡ ਗ੍ਰੰਥੀ ਮਲਕੀਤ ਸਿੰਘ ਨੇ ਕਿਹਾ ਕਿਸਾਨ ਸ਼ਾਂਤਮਈ ਢੰਗ ਨਾਲ ਆਪਣੀਆਂ ਮੰਗਾਂ ਲਈ ਪ੍ਰਦਰਸ਼ਨ ਕਰ ਰਹੇ ਹਨ, ਦੂਜੇ ਪਾਸੇ ਕੇਂਦਰ ਸਰਕਾਰ ਵੱਡੇ ਵਪਾਰੀਆਂ ਦੇ ਕਰਜ਼ਾ ਮੁਆਫ਼ ਕਰਦੀ ਹੈ ਪਰ ਕਿਸਾਨਾਂ ਦੇ ਕਰਜ਼ ਮੁਆਫ਼ ਨਹੀਂ ਕਰ ਰਹੀ ਹੈ, ਸਗੋਂ ਕਿਸਾਨਾਂ ਦੀਆਂ ਜਮੀਨਾਂ 'ਤੇ ਕਬਜ਼ਾ ਕਰਨ ਲਈ ਸਰਕਾਰ ਹੱਥਕੰਡੇ ਅਪਣਾ ਰਹੀ ਹੈ। 


ਮਲਕੀਤ ਸਿੰਘ ਨੇ ਕਿਹਾ ਕਿ ਪੰਜਾਬ ਇੱਕ ਵੱਖਰਾ ਦੇਸ਼ ਸੀ ਆਜ਼ਾਦੀ ਤੋਂ ਬਾਅਦ ਇਨ੍ਹਾਂ ਸਕੀਮ ਲਗਾ ਕੇ ਆਪਣੇ ਭਾਰਤ ਵਿੱਚ ਮਿਲਾ ਲਿਆ। ਅੱਧਾ ਪੰਜਾਬ ਪਾਕਿਸਤਾਨ ਵਿੱਚ ਚਲਾ ਗਿਆ। ਕਿਸਾਨਾਂ ਨੇ ਵੀ ਕਿਹਾ ਕਿ ਪੰਜਾਬ ਵਿੱਚ ਕੰਡਿਆਲੀ ਤਾਰਾਂ ਲਗਾ ਦਿਓ, ਭਾਰਤ ਦੇ ਨਾਲ ਸਾਡਾ ਕੋਈ ਲੈਣ-ਦੇਣ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਖੁਦ ਪੰਜਾਬੀਆਂ ਦੇ ਲਈ ਰਸਤੇ ਬੰਦ ਕਰ ਰਹੀ ਹੈ ਅਤੇ ਫਿਰ ਪੰਜਾਬੀ ਭਾਰਤ ਤੋਂ ਵੱਖ ਹੀ ਹੋਣਗੇ, ਇਸ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਗੰਭੀਰਤਾ ਦੇ ਨਾਲ ਸੋਚਣਾ ਚਾਹੀਦਾ ਹੈ।


ਇਹ ਵੀ ਪੜ੍ਹੋ: Samrala news: ਚਾਈਨਾ ਡੋਰ ਦਾ ਕਹਿਰ, ਬਜ਼ੁਰਗ ਔਰਤ ਦੇ ਵੱਢੇ ਗਏ ਦੋਵੇਂ ਪੈਰ