Lok Sabha Election: ਅਮਰੀਕੀ ਕੰਪਨੀਆਂ ਦਾ ਅੰਮ੍ਰਿਤਸਰ ਵਿਚ ਨਿਵੇਸ਼ ਕਰਨ ਦਾ ਰਾਹ ਪੱਧਰਾ ਹੋ ਰਿਹਾ ਹੈ। ਅੱਜ ਅਮਰੀਕਾ 'ਚ ਭਾਰਤ ਦੇ ਰਾਜਦੂਤ ਰਹੇ  ਤਰਨਜੀਤ ਸਿੰਘ ਸੰਧੂ ਜੋ ਕਿ ਅੰਮ੍ਰਿਤਸਰ ਲੋਕ ਸਭਾ ਹਲਕੇ ਲਈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵੀ ਹਨ ਦੇ ਸੱਦੇ ’ਤੇ ਪਹਿਲੀ ਵਾਰ ਗੁਰੂ ਨਗਰੀ ਪਹੁੰਚੇ ਅਮਰੀਕਾ-ਭਾਰਤ ਰਣਨੀਤਕ ਭਾਈਵਾਲੀ ਫੋਰਮ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਡਾ. ਮੁਕੇਸ਼ ਆਘੀ ਨੇ ਸਾਬਕਾ ਰਾਜਦੂਤ ਸੰਧੂ ਨੂੰ ਅੰਤਰਰਾਸ਼ਟਰੀ ਬਰਾਂਡ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਵਜ੍ਹਾ ਨਾਲ ਅਮਰੀਕੀ ਕੰਪਨੀਆਂ ਇਥੇ ਆਉਣਗੀਆਂ।  



ਡਾ. ਮੁਕੇਸ਼ ਆਘੀ ਇਥੇ ਸਥਾਨਕ ਹੋਟਲ ਵਿਖੇ ਭਾਰਤ-ਅਮਰੀਕਾ ਰਣਨੀਤਕ ਭਾਈਵਾਲੀ ਫੋਰਮ ਅਤੇ ਫਿੱਕੀ ਦੇ ਸਹਿਯੋਗ ਨਾਲ ਕਰਾਏ ਗਏ ਸਿੱਖਿਆ ਅਤੇ ਹੁਨਰ ਸੰਮੇਲਨ 2024 ਨੂੰ ਸੰਬੋਧਨ ਕਰਨ ਆਏ ਸਨ।  ਇਸ ਸੰਮੇਲਨ ਵਿਚ ਕਾਲਜਾਂ ਦੇ ਵਿਦਿਆਰਥੀ, ਨੌਜਵਾਨ, ਅਧਿਆਪਕ ਅਤੇ ਪ੍ਰਿੰਸੀਪਲਾਂ ਨੇ ਭਾਰੀ ਗਿਣਤੀ ਵਿਚ ਸ਼ਮੂਲੀਅਤ ਕੀਤੀ।  


  ਡਾ. ਮੁਕੇਸ਼ ਆਘੀ ਨੇ ਕਿਹਾ ਕਿ  ਸੰਧੂ ਨੇ ਸਾਨੂੰ ਅੰਮ੍ਰਿਤਸਰ ਆਉਣ ਦਾ ਸੱਦਾ ਦਿੱਤਾ, ਜਿਸ ਵੱਲੋਂ ਭਾਰਤ ਅਮਰੀਕਾ ਸੰਬੰਧਾਂ ’ਚ ਵਧੇਰੇ ਸੁਧਾਰ ਲਿਆਉਣ ਕਾਰਨ ਦੋਹਾਂ ਦੇਸ਼ਾਂ ਵਿਚ ਭਾਈਵਾਲੀ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ, ਹੁਣ ਅਮਰੀਕਾ ਅਤੇ ਅੰਮ੍ਰਿਤਸਰ ਦਰਮਿਆਨ ਸੰਬੰਧ ਵੀ ਮਜ਼ਬੂਤ ਹੋਣਗੇ।





 ਅਸੀਂ ਇਥੇ ਨੌਜਵਾਨਾਂ ਦੇ ਜਜ਼ਬਾਤਾਂ ਤੋਂ ਜਾਣੂ ਹੋਏ ਹਾਂ, ਉਹ ਬਹੁਤ ਕੁਝ ਕਰਨਾ ਚਾਹੁੰਦੇ ਹਨ ਅਤੇ ਜ਼ਿੰਦਗੀ ਵਿਚ ਅੱਗੇ ਵਧਣਾ ਚਾਹੁੰਦੇ ਹਨ। ਇੱਥੋਂ ਦੇ ਨੌਜਵਾਨਾਂ ਨੂੰ ਸਮਰੱਥ ਬਣਾਉਣ ਲਈ ਹੁਨਰਮੰਦ ਸਿੱਖਿਆ ਪ੍ਰਦਾਨ ਕਰਨ ਦੀ ਲੋੜ ਹੈ। ਉਨ੍ਹਾਂ ਦੱਸਿਆ  ਕਿ  ਅਮਰੀਕੀ ਕੰਪਨੀਆਂ ਦੇ ਨਿਵੇਸ਼  ਨਾਲ ਭਾਰਤ ’ਚ ਲੱਖਾਂ ਨੌਕਰੀਆਂ ਦਾ ਸਬੱਬ ਬਣਿਆ ਹੈ।



ਇਸ ਮੌਕੇ ਭਾਰਤ ਦੀ ਕਰੀਬ ਸੌ ਸਾਲ ਪੁਰਾਣੀ ਉੱਘੇ ਨੈਸ਼ਨਲ ਚੈਂਬਰ ਆਫ਼ ਕਾਮਰਸ, ਫਿੱਕੀ ਦੇ ਸੈਕਟਰੀ ਜਨਰਲ ਸ਼ੈਲੇਸ਼ ਪਾਠਕ  ਨੇ 30 ਸ਼ਾਲ ਤੋਂ ਘੱਟ ਨੌਜਵਾਨਾਂ ਨੂੰ ਖ਼ੁਸ਼ਕਿਸਮਤ ਕਰਾਰ ਦਿੰਦਿਆਂ ਕਿਹਾ ਕਿ ਭਾਰਤ ’ਚ ਇਨ੍ਹੀਂ ਤਰੱਕੀ ਕਦੀ ਨਹੀਂ ਦੇਖੀ ਗਈ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ 30 ਸ਼ਾਲਾਂ ਦੇ ਮੁਕਾਬਲੇ ਕੇਵਲ 10 ਸ਼ਾਲਾਂ ਵਿਚ ਬਹੁਤ ਕੁਝ ਹੋਇਆ ਹੈ। 



ਉਨ੍ਹਾਂ ਕਿਹਾ ਕਿ  ਨੌਜਵਾਨਾਂ ਨੂੰ ਅੱਗੇ ਵਧਣ ਲਈ ਉਨ੍ਹਾਂ ਕੋਲ ਹੁਨਰ ਦਾ ਹੋਣਾ ਜ਼ਰੂਰੀ ਹੈ ਅਤੇ ਤਰਨਜੀਤ ਸਿੰਘ ਸੰਧੂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਬਿਹਤਰੀਨ ਸਕਿੱਲ ਕਿਵੇਂ ਦਿਵਾਇਆ ਜਾ ਸਕਦਾ ਹੈ, ਇਹ ਸੰਧੂ ਤੋਂ ਬਿਹਤਰ ਕੌਣ ਜਾਣ ਸਕਦਾ ਹੈ। ਉਨ੍ਹਾਂ ਕਿਹਾ ਕਿ ਫਿੱਕੀ ਦਾ ਤਜਰਬਾ ਹੈ ਕਿ ਕੰਪਨੀਆਂ ਨੂੰ ਚੰਗੇ ਹੁਨਰਮੰਦ  ਲੋਕ ਨਹੀਂ ਮਿਲਦੇ। ਤੁਹਾਨੂੰ ਕੰਪਨੀਆਂ ਵਿਚ ਇੰਟਰਨਸ਼ਿਪ ਕਰਨ ਦੀ ਜ਼ਰੂਰਤ ਹੈ,ਅਸੀਂ ਮਦਦ ਕਰਾਂਗੇ।