Amritsar News : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਵਿੱਚ ਕਿਸੇ ਨੂੰ ਵੀ ਅਮਨ ਸ਼ਾਂਤੀ ਭੰਗ ਕਰਨ ਨਹੀਂ ਦੇਵੇਗੀ ਅਤੇ ਸੂਬੇ ਅੰਦਰ ਸ਼ਾਂਤੀ ਨੂੰ ਹਰ ਕੀਮਤ ਤੇ ਬਰਕਰਾਰ ਰੱਖਿਆ ਜਾਵੇਗਾ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਕੁਲਦੀਪ ਸਿੰਘ ਧਾਲੀਵਾਲ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਪੰਜਾਬ ਨੇ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੇਂਡੂ ਵਿਕਾਸ ਪੰਚਾਇਤ ਵਿਭਾਗ ਵਿੱਚ 21 ਲਾਭਪਾਤਰੀਆਂ ਨੂੰ ਨਿਯੁਕਤੀ ਪੱਤਰ ਦੇਣ ਸਮੇਂ ਕੀਤਾ।

 

ਧਾਲੀਵਾਲ ਨੇ ਕਿਹਾ ਕਿ ਸਾਡੀ ਸਰਕਾਰ ਨੇ ਪਿਛਲੇ 7 ਮਹੀਨਿਆਂ ਦੇ ਘੱਟ ਅਰਸੇ ਵਿੱਚ 25000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੌਜਵਾਨਾਂ ਨੂੰ ਪੰਜਾਬ ਵਿੱਚ ਨੌਕਰੀ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਧਾਲੀਵਾਲ ਨੇ ਨਵੇਂ ਭਰਤੀ ਹੋਏ ਨਵਯੁਵਕਾਂ ਨੂੰ ਕਿਹਾ ਕਿ ਉਹ ਇਸ ਵਿਭਾਗ ਵਿੱਚ ਪੂਰੀ ਇਮਾਨਦਾਰੀ ਅਤੇ ਅਣਥੱਕ ਮਿਹਨਤ ਨਾਲ ਕੰਮ ਕਰਨ ਤਾਂ ਜੋ ਪੰਜਾਬ ਦੇ 12560 ਪਿੰਡਾਂ ਨੂੰ ਰੰਗਲਾ ਪੰਜਾਬ ਬਣਾਇਆ ਜਾ ਸਕੇ। ਉਨ੍ਹਾਂ ਨਵਯੁਵਕਾਂ ਨੂੰ ਕਿਹਾ ਕਿ ਮਹਿਕਮੇ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੰਮ ਕਰੋ ਅਤੇ ਵਧੀਆ ਸੇਵਾਵਾਂ ਦਿਓ ਤਾਂ ਜੋ ਪੰਜਾਬ ਨੂੰ ਖੂਬਸੂਰਤ ਪੰਜਾਬ ਬਣਾ ਸਕੀਏ।

 
ਧਾਲੀਵਾਲ ਨੇ ਪ੍ਰੈਸ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪ੍ਰਵਾਸੀ ਪੰਜਾਬੀਆਂ ਨਾਲ ਖੜ੍ਹੀ ਹੈ ਅਤੇ ਪ੍ਰਵਾਸੀ ਪੰਜਾਬੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਪੱਤਰਕਾਰਾਂ ਦੇ ਇਕ ਸਵਾਲ ਦੇ ਜਵਾਬ ਵਿੱਚ ਪਿਛਲੇ ਦਿਨੀਂ ਪ੍ਰਵਾਸੀ ਪੰਜਾਬੀ ਦੇ ਪਰਿਵਾਰਾਂ ਨਾਲ ਹੋਈ ਘਟਨਾ ਤੇ ਕਿਹਾ ਕਿ ਸਾਰੇ ਦੋਸ਼ੀਆਂ ਨੂੰ ਫੜ ਲਿਆ ਗਿਆ ਹੈ ਅਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆਂ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਵੱਲੋਂ ਜਾਣ-ਬੁੱਝ ਕੇ ਇਸ ਘਟਨਾ ਨੂੰ ਸਿਆਸੀ ਰੰਗਤ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦੋਹਾਂ ਸ਼ਰਾਬ ਦੇ ਠੇਕੇਦਾਰਾਂ ਆਪਸੀ ਰੰਜਿਸ਼ ਕਾਰਨ ਇਹ ਘਟਨਾ ਵਾਪਰੀ ਅਤੇ ਇਸ ਖਮਿਆਜਾ ਪ੍ਰਵਾਸੀ ਪੰਜਾਬੀ ਪਰਿਵਾਰ ਨੂੰ ਭੁਗਤਣਾ ਪਿਆ ,ਜਿਸ ਦਾ ਸਾਨੂੰ ਖੇਦ ਹੈ।

 
ਇਸ ਮੌਕੇ ਨਵੇਂ ਭਰਤੀ ਹੋਏ ਨਵਯੁਵਕਾਂ ਨੂੰ ਸੰਬੋਧਨ ਕਰਦਿਆਂ ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਸ੍ਰ ਗੁਰਪ੍ਰੀਤ ਸਿੰਘ ਖਹਿਰਾ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਆਸ਼ਰਿਤ ਪਰਿਵਾਰਾਂ ਦੇ ਨੌਕਰੀ ਕੇਸ ਪੈਡਿੰਗ ਚੱਲ ਰਹੇ ਸਨ ’ਤੇ ਮੰਤਰੀ ਪੇਂਡੂ ਵਿਕਾਸ ਦੀਆਂ ਕੋਸ਼ਿਸ਼ਾਂ ਸਦਕਾ ਹੀ ਅੱਜ ਇਨ੍ਹਾਂ ਨੂੰ ਨੌਕਰੀ ਦਿੱਤੇ ਜਾ ਸਕੇ ਹਨ। ਉਨ੍ਹਾਂ ਨਵੇਂ ਭਰਤੀ ਹੋਏ ਨੌਜਵਾਨਾਂ ਨੂੰ ਕਿਹਾ ਕਿ ਉਹ ਸਰਕਾਰੀ ਨੌਕਰੀ ਨੂੰ ਤਨਦੇਹੀ ਨਾਲ ਕਰਨ ਤਾਂ ਜੋ ਉਨ੍ਹਾਂ ਦੇ ਪਰਿਵਾਰ ਫਖਰ ਮਹਿਸੂਸ ਕਰ ਸਕਣ।