Amritsar News: ਗੱਠਜੋੜ ਨਾ ਹੋਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਆਪਣੇ ਸਾਬਕਾ ਭਾਈਵਾਲ ਬੀਜੇਪੀ ਉਪਰ ਤਾਬੜਤੋੜ ਹਮਲੇ ਬੋਲ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤਾਂ ਸ਼ਰੇਆਮ ਕਹਿਣ ਲੱਗੇ ਹਨ ਕਿ ਸਿੱਖਾਂ ਦੇ ਗੁਰੂਘਰਾਂ ਨੂੰ ਆਰਐਸਐਸ ਤੋਂ ਖਤਰਾ ਹੈ। ਆਰਐਸਐਸ ਤੇ ਬੀਜੇਪੀ ਸਿੱਖ ਸੰਸਥਾਵਾਂ ਉਪਰ ਕਬਜ਼ਾ ਕਰਕੇ ਗੁਰੂ ਘਰਾਂ ਅੰਦਰ ਆਰਐਸਐਸ ਦੀ ਸੋਚ ਲਾਗੂ ਕਰਨਾ ਚਾਹੁੰਦੀਆਂ ਹਨ।


ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਅੰਮ੍ਰਿਤਸਰ ਤੋਂ ਲੋਕ ਸਭਾ ਉਮੀਦਵਾਰ ਅਨਿਲ ਜੋਸ਼ੀ ਦੇ ਹੱਕ ਵਿੱਚ ਹਲਕਾ ਅਜਨਾਲਾ ਦੇ ਇੰਚਾਰਜ ਜੋਧ ਸਿੰਘ ਸਮਰਾ ਦੀ ਅਗਵਾਈ ਹੇਠ ਮੰਗਲਵਾਰ ਨੂੰ ਪਿੰਡ ਦਾਲਮ ਦੇ ਪੈਲੇਸ ਵਿੱਚ ਚੋਣ ਰੈਲੀ ਕੀਤੀ ਗਈ। ਇਸ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਸਿਰਫ਼ ਪੰਜਾਬ ਨੂੰ ਲੁੱਟਣ ਲਈ ਇੱਥੇ ਆਈਆਂ ਹਨ ਤੇ ਇਸ ਦੀ ਉਦਾਹਰਨ ਸਭ ਦੇ ਸਾਹਮਣੇ ਹੈ। 


ਉਨ੍ਹਾਂ ਕਿਹਾ ਕਿ ਕਾਂਗਰਸ ਨੇ ਅੱਜ ਤੋਂ 40 ਸਾਲ ਪਹਿਲਾਂ ਹਰਿਮੰਦਰ ਸਾਹਿਬ ’ਤੇ ਹਮਲਾ ਕਰਵਾਇਆ ਤੇ ਦਿੱਲੀ ਵਿੱਚ ਸਿੱਖ ਕਤਲੇਆਮ ਕਰਵਾਇਆ। ਉਨ੍ਹਾਂ ਕਿਹਾ ਕਿ ਭਾਜਪਾ ਜਦੋਂ ਅਕਾਲੀ ਦਲ ਨਾਲ ਸੀ ਤਾਂ ਉਨ੍ਹਾਂ ਦੀ ਹਿੰਮਤ ਨਹੀਂ ਸੀ ਪਈ ਕਿ ਸਿੱਖ ਪੰਥ ’ਤੇ ਹਮਲਾ ਕਰ ਸਕੀਏ ਪਰ ਜਦੋਂ ਅਕਾਲੀ ਦਲ ਨੇ ਕਿਸਾਨੀ ਅੰਦੋਲਨ ਕਰਕੇ ਉਨ੍ਹਾਂ ਦਾ ਸਾਥ ਛੱਡਿਆ ਤਾਂ ਉਨ੍ਹਾਂ ਦਿੱਲੀ, ਮਹਾਰਾਸ਼ਟਰ ਤੇ ਹੋਰ ਚੁਣੀਆਂ ਹੋਈਆਂ ਗੁਰੂ ਘਰਾਂ ਦੀਆਂ ਕਮੇਟੀਆਂ ਤੇ ਮੈਂਬਰ ਤੋੜ ਕੇ ਉਥੇ ਆਰਐਸਐਸ ਦੀ ਸੋਚ ਨੂੰ ਲਾਗੂ ਕਰ ਦਿੱਤਾ। 



ਉਨ੍ਹਾਂ ‘ਆਪ’ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ ਇਨ੍ਹਾਂ ਬਾਰੇ ਬਹੁਤ ਰੌਲਾ ਪਾਇਆ ਪਰ ਲੋਕਾਂ ਨੇ ਪੰਜਾਬ ਦੀ ਵਾਗਡੋਰ ਇਨ੍ਹਾਂ ਨੂੰ ਸੌਂਪ ਦਿੱਤੀ ਜਿਸ ਦੇ ਨਤੀਜੇ ਅੱਜ ਸਭ ਨੂੰ ਭੁਗਤਣੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਵੀ ਪੰਜਾਬ ਵਿੱਚ ਬੇਅਦਬੀਆਂ ਹੋ ਰਹੀਆਂ ਹਨ, ਘਰ-ਘਰ ਨਸ਼ਾ ਆਮ ਹੋ ਗਿਆ ਹੈ ਪਰ ਹੁਣ ਮੰਡ, ਦਾਦੂਵਾਲ ਵਰਗਾ ਕੋਈ ਨਹੀਂ ਬੋਲ ਰਿਹਾ। 


ਇਸ ਦੌਰਾਨ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਕਿਹਾ ਕਿ ‘ਆਪ’, ਕਾਂਗਰਸ ਤੇ ਭਾਜਪਾ ਦਾ ਪੰਜਾਬ ਵਿੱਚ ਗੁਪਤ ਸਮਝੌਤਾ ਹੋਇਆ ਹੈ ਜੋ ਆਉਣ ਵਾਲੇ ਸਮੇਂ ਵਿੱਚ ਪੰਜਾਬੀਆਂ ਤੇ ਖਾਸ ਕਰ ਸਿੱਖਾਂ ਲਈ ਬੜਾ ਘਾਤਕ ਸਿੱਧ ਹੋ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਸਾਡੇ ਕਿਸਾਨਾਂ ਨੂੰ ਦਿੱਲੀ ਜਾਣ ਲਈ ਬਾਰਡਰ ਨਹੀਂ ਟੱਪਣ ਦਿੱਤੇ ਤੇ ਤੁਸੀਂ ਵੀ ਇਨ੍ਹਾਂ ਪਾਰਟੀਆਂ ਨੂੰ ਪੰਜਾਬ ਵਿੱਚ ਵੜਨ ਨਾ ਦਿਓ।