Taranjit Singh Sandhu: ਸਾਬਕਾ ਰਾਜਦੂਤ ਅਤੇ ਅੰਮ੍ਰਿਤਸਰ ਤੋਂ ਭਾਜਪਾ ਦੇ ਲੋਕ ਸਭਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਟਿਕਟ ਮਿਲਣ ਤੋਂ ਬਾਅਦ ਪਹਿਲੀ ਵਾਰ ਮੀਡੀਆ  ਸਾਹਮਣੇ ਆਏ। ਤਰਨਜੀਤ ਸੰਧੂ ਨੇ ਗਰੀਨ ਐਵੀਨਿਊ ਸਥਿਤ ਆਪਣੀ  ਰਿਹਾਇਸ਼ ’ਤੇ ਪ੍ਰੈੱਸ ਕਾਨਫੰਰਸ ਸੱਦੀ ਸੀ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਕੁਝ ਲੋਕ ਮੈਨੂੰ ਪੈਰਾਸ਼ੂਟਰ ਕਹਿ ਰਹੇ ਹਨ। ਮੈਂ ਇੱਕ ਸਿਪਾਹੀ ਵਾਂਗ ਲੰਬੀ ਡਿਊਟੀ ਕਰਕੇ ਘਰ ਪਰਤਿਆ ਹਾਂ। 



ਉਹਨਾ ਨੇ ਕਿਹਾ ਕਿ ਮੇਰੇ ਕੋਲ ਉਦਯੋਗ, ਖੇਤੀਬਾੜੀ, ਸਿੱਖਿਆ, ਸੈਰ-ਸਪਾਟਾ ਅਤੇ ਸ਼ਹਿਰ ਦੇ ਹੋਰ ਖੇਤਰਾਂ ਸਮੇਤ ਵੱਖ-ਵੱਖ ਖੇਤਰਾਂ ਲਈ ਇੱਕ ਵਿਜ਼ਨ ਹੈ। ਅਟਾਰੀ ਤੋਂ ਬੰਦ ਪਏ ਵਪਾਰ ਨੂੰ ਮੁੜ ਸੁਰਜੀਤ ਕਰਨ ਦਾ ਵਾਅਦਾ ਕਰਦਿਆਂ ਸੰਧੂ ਨੇ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹਵਾਈ ਕਾਰਗੋ ਅਤੇ ਪੱਟੀ ਤੋਂ ਗੁਜਰਾਤ ਰਾਹੀਂ ਖਾੜੀ ਦੇਸ਼ਾਂ ਨਾਲ ਸੰਪਰਕ ਵੀ ਵਧਾਇਆ ਜਾਵੇਗਾ। 



ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਇੱਥੋਂ ਭਾਰਤ ਅਤੇ ਵਿਦੇਸ਼ਾਂ ਨਾਲ ਹਵਾਈ ਸੰਪਰਕ ਵਧੇਗਾ। ਰਾਜਦੂਤ ਵਜੋਂ ਮੇਰੇ ਕਾਰਜਕਾਲ ਦੌਰਾਨ ਭਾਰਤ ਦੇ ਅਮਰੀਕਾ ਨਾਲ ਚੰਗੇ ਸਿਆਸੀ ਸਬੰਧ ਬਣੇ ਸਨ। ਭਾਰਤ ਦੀ 50% ਆਬਾਦੀ 26 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਦੀ ਹੈ ਅਤੇ ਵਿਦੇਸ਼ਾਂ ਦੇ ਮੁਕਾਬਲੇ ਭਾਰਤ ਵਿੱਚ ਜਿਆਦਾਤਰ ਵਸੋਂ ਨੌਜਵਾਨਾਂ ਦੀ ਹੋਣ ਕਰਕੇ ਕਈ ਦੇਸ਼ ਭਾਰਤ ਵਿੱਚ ਇਨਵੈਸਟਮੈਂਟ ਕਰ ਰਹੇ ਹਨ।



ਸੰਧੂ ਨੇ ਕਿਹਾ ਕਿ ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਰੁਝਾਨ ਨੂੰ ਰੋਕਾਂਗੇ ਅਤੇ ਵਿਦੇਸ਼ੀ ਕੰਪਨੀਆਂ ਨੂੰ ਪੰਜਾਬ ਅਤੇ ਖਾਸ ਕਰਕੇ ਅੰਮ੍ਰਿਤਸਰ ਲਿਆ ਕੇ ਰੁਜ਼ਗਾਰ ਮੁਹੱਈਆ ਕਰਵਾਵਾਂਗੇ।  ਅੰਮ੍ਰਿਤਸਰ ਦੇ ਲੋਕਾਂ ਦੀ ਆਮਦਨ ਵਧਾਉਣ ਲਈ ਕਈ ਨੁਕਤਿਆਂ 'ਤੇ ਕੰਮ ਕੀਤਾ ਜਾਵੇਗਾ। ਹਰ ਰੋਜ਼ ਅੰਮ੍ਰਿਤਸਰ ਆਉਣ ਵਾਲੇ ਡੇਢ ਲੱਖ ਵਿਜ਼ਟਰ ਨੂੰ ਸੈਲਾਨੀਆਂ ਵਿੱਚ ਤਬਦੀਲ ਕਰਨ ਲਈ ਪ੍ਰਾਜੈਕਟ ਸ਼ੁਰੂ ਕੀਤੇ ਜਾਣਗੇ, ਜਿਸ ਨਾਲ ਅੰਮ੍ਰਿਤਸਰ ਆਰਥਿਕ ਤੌਰ ’ਤੇ ਖੁਸ਼ਹਾਲ ਹੋਵੇਗਾ।



 ਜੇਕਰ ਕੋਵਿਡ ਦੌਰਾਨ ਆਕਸੀਜਨ ਲਈ ਅੰਮ੍ਰਿਤਸਰ ਵਿੱਚ ਵਿਸ਼ੇਸ਼ ਹਵਾਈ ਉਡਾਣਾਂ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ ਤਾਂ ਅੰਮ੍ਰਿਤਸਰ ਦੇ ਪਾਪੜ ਵੜੀਆਂ ਅਤੇ ਫੁਲਕਾਰੀ ਦੇ ਨਾਲ-ਨਾਲ ਅੰਮ੍ਰਿਤਸਰ ਦੀਆਂ ਉਨ੍ਹਾਂ ਵਸਤਾਂ ਜਿਨ੍ਹਾਂ ਦੀ ਵਿਦੇਸ਼ਾਂ ਵਿੱਚ ਮੰਗ ਹੈ ਨੂੰ ਬਰਾਮਦ ਕਰਨ ਲਈ ਉਡਾਣਾਂ ਚਲਾਈਆਂ ਜਾਣਗੀਆਂ।


  
ਉਨ੍ਹਾਂ ਦਾ ਦਾਅਵਾ ਹੈ ਕਿ ਜਦੋਂ ਅਸੀਂ 2027 ਵਿੱਚ ਅੰਮ੍ਰਿਤਸਰ ਦਾ 450ਵਾਂ ਸਥਾਪਨਾ ਦਿਵਸ ਮਨਾਵਾਂਗੇ ਤਾਂ ਇਹ ਸ਼ਹਿਰ ਇੰਦੌਰ ਨਾਲੋਂ ਵੀ ਜ਼ਿਆਦਾ ਸੁੰਦਰ ਅਤੇ ਸਾਫ਼-ਸੁਥਰਾ ਹੋਵੇਗਾ।  2027 'ਚ ਅੰਮ੍ਰਿਤਸਰ 'ਚ IPL ਮੈਚ ਕਰਵਾਏ ਜਾਣ ਇਸ ਤਰਾਂ ਦੀ ਗਰਾਊਂਡ ਤਿਆਰ ਕੀਤੀ ਜਾਵੇਗੀ।