Akal Takht Sahib: ਪੰਜ ਸਿੰਘ ਸਾਹਿਬਾਨਾ ਦੀ ਨੇ 30 ਅਗਸਤ ਨੂੰ ਇਕੱਤਰਤਾ ਸੱਦ ਲਈ ਹੈ। ਉਮੀਦ ਹੈ ਕਿ 30 ਅਗਸਤ ਨੂੰ ਹੋਣ ਵਾਲੀ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਹੋਈ ਬੇਅਦਬੀ, ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਹਟਾਉਣ ਲਈ ਚੱਲ ਰਹੇ ਟਕਰਾਅ ਦੇ ਮੁੱਦੇ ’ਤੇ ਕੋਈ ਫੈਸਲਾ ਲਿਆ ਜਾਵੇਗਾ।


ਉਥੋਂ ਕੀ ਹੁਕਮ ਆਉਂਦੇ ਹਨ ਅਤੇ ਕਿਸ ਲਈ ਆਉਂਦੇ ਹਨ, ਇਹ ਤਾਂ ਮੀਟਿੰਗ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਸਮੁੱਚੇ ਪੰਥ ਦੀਆਂ ਨਜ਼ਰਾਂ ਉਕਤ ਮੀਟਿੰਗ 'ਤੇ ਟਿਕੀਆਂ ਹੋਈਆਂ ਹਨ। ਧਿਆਨ ਯੋਗ ਹੈ ਕਿ ਸੁਖਬੀਰ ਦੇ ਸਪੱਸ਼ਟੀਕਰਨ ਨੂੰ ਜਨਤਕ ਕਰਨ ਦੀ ਮੰਗ ਦੇ ਵਿਚਕਾਰ 5 ਅਗਸਤ ਨੂੰ ਸਿੰਘ ਸਾਹਿਬਾਨ ਨੇ ਸਪੱਸ਼ਟੀਕਰਨ ਜਨਤਕ ਕੀਤਾ ਸੀ।


 ਹੁਣ ਸੁਖਬੀਰ ਨੇ ਆਪਣੇ ਸ਼ਾਸਨ ਦੀਆਂ ਸਾਰੀਆਂ ਗਲਤੀਆਂ ਲਈ ਖੁਦ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਮੁਆਫੀ ਮੰਗੀ ਹੈ ਨੇ ਕਿਹਾ ਕਿ ਉਹ ਸਿੰਘ ਸਾਹਿਬਾਨ ਦਾ ਹਰ ਹੁਕਮ ਮੰਨਣਗੇ, ਦੂਜੇ ਪਾਸੇ ਅਕਾਲੀ ਸਰਕਾਰ ਦਾ ਹਿੱਸਾ ਹੋਣ ਦੇ ਨਾਤੇ ਬਾਗੀਆਂ ਨੇ ਵੀ ਆਪਣੀ ਜ਼ਿੰਮੇਵਾਰੀ ਕਬੂਲ ਕਰ ਲਈ ਹੈ। ਅਜਿਹੇ 'ਚ ਜੋ ਵੀ ਹੁਕਮ ਦਿੱਤਾ ਜਾਵੇਗਾ, ਉਹ ਦੋਹਾਂ ਧਿਰਾਂ ਨੂੰ ਧਿਆਨ 'ਚ ਰੱਖ ਕੇ ਕੀਤਾ ਜਾ ਸਕਦਾ ਹੈ।



ਇਸ ਸਪੱਸ਼ਟੀਕਰਨ ਵਿੱਚ ਲਿਖਿਆ ਹੈ ਕਿ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਮਾਮਲੇ ਵਿੱਚ 24 ਸਤੰਬਰ 2015 ਨੂੰ ਸ੍ਰੀ ਅਕਾਲ ਵਿਖੇ ਹੋਈ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਗੁਰਮਤਾ ਪਾਸ ਕੀਤਾ ਗਿਆ ਸੀ। ਇਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਪ੍ਰਧਾਨ ਅਵਤਾਰ ਸਿੰਘ ਦੇ ਹੁਕਮਾਂ 'ਤੇ ਮੁੱਖ ਸਕੱਤਰ ਹਰਚਰਨ ਸਿੰਘ ਵੱਲੋਂ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ।


ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਪਣੇ ਸਪੱਸ਼ਟੀਕਰਨ ਵਿੱਚ ਕਿਹਾ ਹੈ ਕਿ ਅਕਾਲੀ ਦਲ ਦੇ ਕੁਝ ਆਗੂਆਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮੁਆਫ਼ੀ ਪੱਤਰ ਸੌਂਪਿਆ ਗਿਆ ਸੀ। ਇਸ ਵਿੱਚ ਉਨ੍ਹਾਂ ਦੇ ਵਿਰੁੱਧ ਜੋ ਵੀ ਲਿਖਿਆ ਗਿਆ ਹੈ, ਉਹ ਆਪਣੀ ਝੋਲੀ ਪਾਉਂਦੇ ਹਨ ਤੇ ਜੋ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇਣਗੇ, ਉਹ ਵੀ ਉਨ੍ਹਾਂ ਨੂੰ ਪ੍ਰਵਾਨ ਹੋਵੇਗਾ। ਇਸ ਮੁਆਫ਼ੀਨਾਮੇ ਵਿੱਚ ਉਨ੍ਹਾਂ ਨੇ ਆਪਣੇ ਪਿਤਾ ਤੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਲਿਖੀ ਚਿੱਠੀ ਨੂੰ ਵੀ ਸ਼ਾਮਲ ਕੀਤਾ ਹੈ ਤੇ ਉਸ ਦਾ ਹਵਾਲਾ ਵੀ ਦਿੱਤਾ ਹੈ।



ਅਕਾਲੀ ਦਲ ਦੇ ਬਾਗੀ ਧੜੇ ਨੇ 1 ਜੁਲਾਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਆ ਕੇ ਸੁਖਬੀਰ ਬਾਦਲ ਨੂੰ 2007 ਤੋਂ ਅਕਤੂਬਰ 2015 ਤੱਕ ਵਾਪਰੀਆਂ ਘਟਨਾਵਾਂ ਦੇ ਦੋਸ਼ੀ ਠਹਿਰਾਇਆ ਸੀ। ਇਸ ਸਬੰਧੀ ਪੰਜ ਸਿੰਘ ਸਾਹਿਬਾਨ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੋਂ 15 ਦਿਨਾਂ ਅੰਦਰ ਸਪੱਸ਼ਟੀਕਰਨ ਮੰਗਿਆ ਸੀ। ਇਸ ਦੇ ਮੱਦੇਨਜ਼ਰ 24 ਜੁਲਾਈ 2024 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਸੀਲਬੰਦ ਲਿਫ਼ਾਫ਼ੇ ਵਿੱਚ ਸਪੱਸ਼ਟੀਕਰਨ ਦਿੱਤਾ ਸੀ।