ਅੰਮ੍ਰਿਤਸਰ: ਅੱਜ ਸਮੇ ਦੀ ਮੁੱਖ ਲੋੜ ਹੈ ਕਿ ਭਗਵਾਨ ਵਾਲਮੀਕਿ ਜੀ ਦੇ ਉਪਦੇਸ਼ਾਂ ਅਤੇ ਸਿੱਖਿਆਵਾਂ ਨੂੰ ਅਪਣਾਈਏ ਅਤੇ ਸਮਾਜ ਦੇ ਭਲੇ ਲਈ ਅੱਗੇ ਆਈਏ ਤਾਂ ਹੀ ਅਸੀ ਆਪਣੇ ਦੇਸ਼ ਅਤੇ ਸੂਬੇ ਦਾ ਵਿਕਾਸ ਕਰ ਸਕਦੇ ਹਾਂ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਿਨਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਅਤੇ ਇੰਦਰਬੀਰ ਸਿੰਘ ਨਿੱਜਰ ਨੇ ਅੱਜ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਦੇਸ ਵਿਦੇਸਾਂ ਵਿਚ ਵੱਸਦੀ ਸੰਗਤਾਂ ਨੂੰ ਵਧਾਈ ਦਿੰਦੇ ਹੋਏ ਕੀਤਾ। 
 


ਇਸ ਮੌਕੇ ਈ.ਟੀ.ਓ ਵੱਲੋਂ ਗਵਾਲ ਮੰਡੀ ਚੌਕ ਵਿਖੇ ਭਗਵਾਨ ਵਾਲਮੀਕਿ ਜੀ ਦੇ ਆਸ਼ਰਮ ਨੂੰ ਜਾਂਦੀ ਹੋਈ ਸੜਕ ਤੇ 50 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਵਾਗਤੀ ਗੇਟ ਦਾ ਉਦਘਾਟਨ ਵੀ ਕੀਤਾ। ਉਨ੍ਹਾਂ ਕਿਹਾ ਕਿ ਅੱਜ ਬਹੁਤ ਹੀ ਸੁਭਾਗਾਂ ਵਾਲਾ ਦਿਨ ਹੈ ਕਿ ਮੈ ਇਸ ਸਵਾਗਤੀ ਗੇਟ ਦਾ ਉਦਘਾਟਨ ਕਰ ਰਿਹਾ ਹਾਂ। ਉਨ੍ਹਾਂ ਸਮੂਹ ਸੰਗਤਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਸਮਾਜ ਵਿਚ ਬਿਨਾਂ ਜਾਤ-ਪਾਤ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਬਣਾ ਕੇ ਰੱਖੀਏ।  ਹਰਭਜਨ ਸਿੰਘ ਨੇ ਕਿਹਾ ਕਿ ਅੰਮ੍ਰਿਤਸਰ ਗੁਰੂਆਂ,ਪੀਰਾਂ ਦੀ ਧਰਤੀ ਹੈ ਅਤੇ ਅਸੀ ਸਾਰੇ ਬੜੇ ਭਾਗਸ਼ਾਲੀ ਹਾਂ ਕਿ ਭਗਵਾਨ ਵਾਲਮੀਕਿ ਜੀ ਨੇ ਇਸ ਧਰਤੀ ਤੇ ਬੈਠ ਕੇ ਰਮਾਇਣ ਦੀ ਰਚਨਾ ਕੀਤੀ। 
 


ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਨਿੱਜਰ ਨੇ ਕਿਹਾ ਕਿ  50 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਗੇਟ ਦਾ ਨਿਰਮਾਣ ਜਲਦੀ ਹੀ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੱਖਾਂ ਦੀ ਗਿਣਤੀ ਵਿਚ ਸਰਧਾਲੂ ਭਗਵਾਨ ਵਾਲਮੀਕਿ ਜੀ ਦੇ ਆਸ਼ਰਮ ਵਿਖੇ ਆਉਦੇ ਹਨ ਅਤੇ ਇਸ ਰਸਤੇ 'ਤੇ ਲਗਭਗ 35 ਫੁੱਟ ਉੱਚਾ ਇੱਕ ਸਵਾਗਤੀ ਗੇਟ ਬਣੇਗਾ। 
 


ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਨਗਰ ਨਿਗਮ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਮੇਰੇ ਲਈ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਨਗਰ ਨਿਗਮ ਵਲੋ ਇਸ ਗੇਟ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਸੰਗਤਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਜਲਦ ਹੀ 40 ਲੱਖ ਰੁਪਏ ਦੀ ਲਾਗਤ ਨਾਲ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦਾ ਬੁੱਤ ਵੀ ਸਥਾਪਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਮੇ ਦੀ ਮੁੱਖ ਲੋੜ ਹੈ ਕਿ ਭਗਵਾਨ ਵਾਲਮੀਕਿ ਜੀ ਦੇ ਉਪਦੇਸ਼ਾਂ 'ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਬਣਾਈਏ।