Amritsar News: ਸਖਤੀ ਦੇ ਬਾਵਜੂਦ ਵਿਦੇਸ਼ਾਂ ਵਿੱਚੋਂ ਸੋਨੇ ਦੀ ਤਸਕਰੀ ਜਾਰੀ ਹੈ। ਕਸਟਮ ਵਿਭਾਗ ਨੇ ਸਥਾਨਕ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦੋ ਯਾਤਰੂਆਂ ਕੋਲੋਂ 336 ਗ੍ਰਾਮ ਸੋਨਾ ਬਰਾਮਦ ਕੀਤਾ ਹੈ ਜਿਸ ਦੀ ਬਾਜ਼ਾਰ ਵਿੱਚ ਕੀਮਤ ਲਗਪਗ 17.77 ਲੱਖ ਰੁਪਏ ਹੈ।
ਹਵਾਈ ਅੱਡੇ ’ਤੇ ਤਾਇਨਾਤ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਵੇਂ ਯਾਤਰੀ ਬੀਤੀ ਰਾਤ ਇੰਡੀਗੋ ਹਵਾਈ ਕੰਪਨੀ ਦੀ ਉਡਾਣ ਰਾਹੀਂ ਮੁੰਬਈ ਤੋਂ ਅੰਮ੍ਰਿਤਸਰ ਆਏ ਸਨ।
ਕਸਟਮ ਦੇ ਅਧਿਕਾਰੀਆਂ ਨੇ ਅਗਾਊਂ ਜਾਣਕਾਰੀ ਦੇ ਆਧਾਰ ’ਤੇ ਇਨ੍ਹਾਂ ਦੇ ਬੈਗ ਦੀ ਬਰੀਕੀ ਨਾਲ ਜਾਂਚ ਕੀਤੀ, ਜਿਸ ਵਿੱਚੋਂ 401 ਗ੍ਰਾਮ ਸੋਨਾ ਪੇਸਟ ਦੇ ਰੂਪ ਵਿੱਚ ਬਰਾਮਦ ਹੋਇਆ। ਜਦੋਂ ਇਸ ਨੂੰ ਪੇਸਟ ਤੋਂ ਸ਼ੁੱਧ ਸੋਨੇ ਦੇ ਰੂਪ ਵਿੱਚ ਤਬਦੀਲ ਕੀਤਾ ਤਾਂ ਇਸ ਦਾ ਵਜ਼ਨ 336 ਗ੍ਰਾਮ ਰਹਿ ਗਿਆ ਜੋ ਕਿ 24 ਕੈਰੇਟ ਸ਼ੁੱਧ ਸੋਨਾ ਸੀ ਅਤੇ ਬਾਜ਼ਾਰ ਵਿੱਚ ਇਸ ਦੀ ਕੀਮਤ 17.77 ਲੱਖ ਰੁਪਏ ਹੈ।
ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਇਨ੍ਹਾਂ ਦੋ ਵਿਅਕਤੀਆਂ ਕੋਲੋਂ ਸਖ਼ਤੀ ਨਾਲ ਪੁੱਛ-ਪੜਤਾਲ ਕੀਤੀ ਗਈ ਤਾਂ ਖੁਲਾਸਾ ਹੋਇਆ ਕਿ ਇਹ ਸੋਨਾ ਦੁਬਈ ਤੋਂ ਮੁੰਬਈ ਵਿੱਚ ਤਸਕਰੀ ਰਾਹੀਂ ਪਹੁੰਚਿਆ ਹੈ। ਇਹ ਉਡਾਨ ਦੁਬਈ ਤੋਂ ਆਈ ਸੀ ਜਿਸ ਵਿੱਚ ਇਹ ਦੋਵੇਂ ਵਿਅਕਤੀ ਮੁੰਬਈ ਤੋਂ ਸਵਾਰ ਹੋਏ ਸਨ ਅਤੇ ਉਨ੍ਹਾਂ ਨੇ ਸੋਨੇ ਦੀ ਇਹ ਖੇਪ ਹਵਾਈ ਜਹਾਜ਼ ਵਿੱਚ ਹੀ ਪ੍ਰਾਪਤ ਕੀਤੀ ਸੀ। ਕਸਟਮ ਵਿਭਾਗ ਵੱਲੋਂ ਇਸ ਮਾਮਲੇ ਬਾਰੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ