ਅੰਮ੍ਰਿਤਸਰ: ਭਾਰੀ ਬਰਸਾਤ ਕਾਰਨ ਪੈਦਾ ਹੋਏ ਹਾਲਾਤ ਨੂੰ ਧਿਆਨ ਵਿੱਚ ਰੱਖਦੇ ਹੋਏ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਜਿਲ੍ਹਾ ਅਧਿਕਾਰੀਆਂ ਨਾਲ ਮੌਜੂਦਾ ਸਥਿਤੀ ਦਾ ਜਾਇਜਾ ਲੈਂਣ ਮਗਰੋਂ ਕਿਹਾ ਕਿ ਫਿਲਹਾਲ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੜ੍ਹਾਂ ਦਾ ਕੋਈ ਖ਼ਤਰਾ ਨਹੀਂ ਹੈ, ਪਰ ਫਿਰ ਵੀ ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਹਰਭਜਨ ਸਿੰਘ ਨੇ ਵੱਖ-ਵੱਖ ਵਿਭਾਗਾਂ ਦੇ ਮੁੱਖੀਆਂ ਵਲੋਂ ਕੀਤੇ ਗਏ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਮੀਟਿੰਗ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ, ਕਮਿਸ਼ਨਰ ਕਾਰਪੋਰੇਸ਼ਨ ਸੰਦੀਪ ਰਿਸ਼ੀ, ਡੀ.ਸੀ.ਪੀ. ਪਰਮਿੰਦਰ ਸਿੰਘ ਭੰਡਾਲ, ਐਸ.ਐਸ.ਪੀ. ਸਤਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸਮੇਤ ਸਾਰੇ ਐਸ.ਡੀ.ਐਮਜ਼ ਅਤੇ ਵਿਭਾਗਾਂ ਦੇ ਮੁੱਖੀ ਹਾਜ਼ਰ ਸਨ।
ਹਰਭਜਨ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਮੈਂ, ਕੁਲਦੀਪ ਸਿੰਘ ਧਾਲੀਵਾਲ, ਡਿਪਟੀ ਕਮਿਸ਼ਨਰ ਅਤੇ ਸਾਡੇ ਸਾਰੇ ਵਿਧਾਇਕਾਂ ਨੇ ਜ਼ਿਲ੍ਹੇ ਦੀਆਂ ਨਾਜ਼ੁਕ ਥਾਵਾਂ ਦਾ ਦੌਰਾ ਕੀਤਾ ਹੈ। ਕੁੱਝ ਇਕ ਥਾਵਾਂ ਜਿਨਾਂ ਵਿੱਚ ਪਿੰਡ ਤਾਰਾਗੜ੍ਹ, ਧਰਦਿਓਂ, ਮਹਿਸਮਪੁਰਾ, ਖਿਲਚੀਆਂ, ਦਸ਼ਮੇਸ਼ ਨਗਰ, ਤਿੰਮੋਵਾਲ, ਮਾਲੋਵਾਲ, ਘੋਨੇਵਾਲ, ਭਿੰਡੀਸੈਂਦਾਂ, ਦਰਿਆ ਮੂਸਾ, ਨਵਾਂ ਪਿੰਡ ਆਦਿ ਸ਼ਾਮਲ ਹਨ ਵਿਚ ਕੁਝ ਇਕ ਥਾਵਾਂ ’ਤੇ ਪਾਣੀ ਰੁਕਣ ਦੀ ਸਮੱਸਿਆ ਸੀ, ਜਿਸਨੂੰ ਹਲ ਕਰਵਾ ਲਿਆ ਗਿਆ ਹੈ। ਉਨਾਂ ਦੱਸਿਆ ਕਿ ਰਾਵੀ ਦਰਿਆ ਦੀ ਸਥਿਤੀ ਫਿਲਹਾਲ ਖਤਰੇ ਤੋਂ ਬਾਹਰ ਹੈ ਅਤੇ ਦਰਿਆ ਸਤਲੁਜ ਜੋ ਕਿ ਬਿਆਸ ਨੇੜਿਓਂ ਲੰਘਦਾ ਹੈ ਵਿਚ ਵੀ ਪਾਣੀ ਦਾ ਕੋਈ ਖਤਰਾ ਨਹੀਂ ਹੈ।
ਉਨਾਂ ਦਰਿਆਵਾਂ ਦੇ ਨਾਲ ਲੱਗਦੇ ਇਲਾਕਿਆਂ ਵਿਚ ਹੜ੍ਹ ਦੀ ਸਥਿਤੀ ਨਾਲ ਨਿਪਟਣ ਲਈ ਅਧਿਕਾਰੀਆਂ ਦੀਆਂ ਪਿੰਡ ਪੱਧਰ ਉਤੇ ਡਿਊਟੀਆਂ ਲਗਾਉਣ, ਲੋਕਾਂ ਨੂੰ ਸੁੱਰਖਿਅਤ ਥਾਵਾਂ ਤੇ ਲਿਜਾਣ, ਉਨਾਂ ਦੇ ਖਾਣ-ਪੀਣ ਦਾ ਪ੍ਰਬੰਧ ਕਰਨ ਅਤੇ ਪਸ਼ੂਆਂ ਦੇ ਚਾਰੇ ਆਦਿ ਦਾ ਪ੍ਰਬੰਧ ਕਰਨ ਲਈ ਤਿਆਰ ਰਹਿਣ ਵਾਸਤੇ ਕਿਹਾ।
ਕੈਬਨਿਟ ਮੰਤਰੀ ਨੇ ਸਿਹਤ ਵਿਭਾਗ ਨੂੰ ਹਦਾਇਤ ਕਰਦਿਆਂ ਕਿਹਾ ਕਿ ਪਿੰਡਾਂ ਵਿੱਚ ਪਾਣੀ ਦੀਆਂ ਟੈਂਕੀਆਂ ਦੀ ਕਲੋਰਾਈਜੇਸ਼ਨ ਨੂੰ ਯਕੀਨੀ ਬਣਾਉਣ ਦੇ ਨਾਲ ਨਾਲ ਬਰਸਾਤ ਦੇ ਸੀਜ਼ਨ ਵਿੱਚ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਲੋੜੀਂਦੀਆਂ ਦਵਾਈਆਂ ਦਾ ਪ੍ਰਬੰਧ ਕਰਨ। ਉਨਾਂ ਦੱਸਿਆ ਕਿ ਸਾਡੇ ਕੋਲ ਵੱਖ ਵੱਖ ਪਿੰਡਾਂ/ਸ਼ਹਿਰਾਂ ਵਿੱਚ ਸਕੂਲਾਂ ਦੇ ਹੀ 7000 ਤੋਂ ਵੱਧ ਕਮਰੇ ਹਨ। ਜਿਥੇ ਕਿ ਲੋੜ ਵੇਲੇ ਲੋਕਾਂ ਨੂੰ ਰੱਖਿਆ ਜਾ ਸਕਦਾ ਹੈ। ਇਸੇ ਤਰ੍ਹਾਂ ਸਾਡੀਆਂ ਅਨਾਜ ਮੰਡੀਆਂ ਅਤੇ ਹੋਰ ਸਥਾਨ ਲੋੜ ਵੇਲੇ ਕੰਮ ਆ ਸਕਦੇ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਕਿਹਾ ਕਿ ਭਾਵੇਂ ਹੜ੍ਹ ਦਾ ਕੋਈ ਖ਼ਤਰਾ ਨਹੀਂ ਹੈ ਪਰ ਫਿਰ ਵੀ ਸਾਡੀ ਹਰ ਤਰ੍ਹਾਂ ਨਾਲ ਤਿਆਰੀ ਹੈ। ਉਨਾਂ ਕਿਹਾ ਕਿ ਸਾਰੇ ਐਸ.ਡੀ.ਐਮਜ਼ ਆਪਣੇ ਆਪਣੇ ਇਲਾਕੇ ਵਿਚ ਲਗਾਤਾਰ ਮੌਜੂਦਾ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ। ਇਸ ਤੋਂ ਇਲਾਵਾ ਫੌਜ, ਬੀ.ਐਸ.ਐਫ਼, ਐਨ.ਡੀ.ਆਰ.ਐਫ. ਨਾਲ ਵੀ ਸਾਡਾ ਪੂਰਾ ਸੰਪਰਕ ਹੈ, ਜੋ ਕਿ ਲੋੜ ਵੇਲੇ ਸਾਡੀ ਮਦਦ ’ਤ ਆ ਸਕਦੇ ਹਨ। ਉਨਾਂ ਸਾਰੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਕ ਟੀਮ ਵਜੋਂ ਕੰਮ ਕਰਨ ਅਤੇ ਨਾ ਆਪ ਛੁੱਟੀ ਲੈਣ ਅਤੇ ਨਾ ਹੀ ਆਪਣੇ ਕਰਮਚਾਰੀਆਂ ਨੂੰ ਬਿਨਾਂ ਅਤਿ ਜ਼ਰੂਰੀ ਲੋੜ ਤੋਂ ਛੁੱਟੀ ਦੇਣ।