Amritsar - ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਪੰਜਾਬ ਸਰਕਾਰ ਦਾ ਸਟੈਂਡ ਸਪੱਸ਼ਟ ਕਰਦੇ ਕਿਹਾ ਕਿ ਪੰਜਾਬ ਵਿਚ ਨਸ਼ੇ ਵੇਚਣ ਵਾਲਾ ਦੋਸ਼ੀ ਚਾਹੇ ਕਿਸੇ ਵੀ ਪਾਰਟੀ ਨਾਲ ਸਬੰਧ ਰੱਖਦਾ ਹੋਵੇ, ਬਖਸ਼ਿਆ ਨਹੀਂ ਜਾਵੇਗਾ ਅਤੇ ਨਸ਼ੇ ਦਾ ਖਾਤਮਾ ਸਾਡੀ ਸਰਕਾਰ ਦੀ ਪਹਿਲੀ ਤਰਜੀਹ ਹੈ। 


ਉਨਾਂ ਅਦਾਕਾਰਾ ਸੋਨੀਆ ਮਾਨ ਵੱਲੋਂ ਸਿਹਤ ਤੇ ਜਾਗਰੂਕਤਾ ਲਈ ਲਗਾਏ ਗਏ ਇਸ ਮੇਲੇ ਦੀ ਸਿਫ਼ਤ ਕਰਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਤੁਸੀਂ ਨਸ਼ੇ ਦੇ ਖਾਤਮੇ ਲਈ ਸਰਕਾਰ ਦਾ ਸਾਥ ਦਿਉ ਤਾਂ ਇਹ ਕੰਮ ਸੰਭਵ ਹੋ ਸਕਦਾ ਹੈ। ਉਨਾਂ ਕਿਹਾ ਕਿ ਨਸ਼ਾ ਪੰਜਾਬ ਵਿਚ ਤਾਂ ਉਗਦਾ ਨਹੀਂ, ਇਹ ਸਰਹੱਦ ਪਾਰ ਤੋਂ ਕੀਤੀ ਜਾ ਰਹੀ ਸ਼ਰਾਰਤ ਹੈ, ਜਿਸ ਨੂੰ ਰੋਕਣ ਲਈ ਕੇਂਦਰ ਸਰਕਾਰ ਨੂੰ ਉਚ ਤਕਨੀਕ ਦਾ ਸਹਾਰਾ ਲੈਣਾ ਚਾਹੀਦਾ ਹੈ। 


ਉਨਾਂ ਕਿਹਾ ਕਿ ਅਸੀਂ ਨਸ਼ਾ ਪੀੜਤ ਨੌਜਵਾਨਾਂ ਦਾ ਇਲਾਜ ਕਰਵਾ ਸਕਦੇ ਹਾਂ, ਉਨਾਂ ਨੂੰ ਕੰਮ ਸਿਖਾ ਕੇ ਕੰਮ ਉਤੇ ਲਗਾ ਸਕਦੇ ਹਾਂ, ਪਰ ਇਸ ਲਈ ਉਨਾਂ ਦੇ ਮਾਂ-ਬਾਪ ਨੂੰ ਖ਼ੁਦ ਅੱਗੇ ਆਉਣਾ ਪਵੇਗਾ। ਉਨਾਂ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਰਵਾਇਤੀ ਫਸਲਾਂ ਤੋਂ ਅੱਗੇ ਵੱਧ ਕੇ ਵਿਭੰਨਤਾ ਦੀ ਖੇਤੀ ਲਈ ਬਾਗਬਾਨੀ ਵੱਲ ਆਉਣ, ਜਿਸ ਨਾਲ ਆਮਦਨ ਵੀ ਵਧੇਗੀ ਤੇ ਉਨਾਂ ਦੇ ਧੀਆਂ-ਪੁੱਤਰਾਂ ਨੂੰ ਘਰ ਵਿਚ ਹੀ ਰੋਜ਼ਗਾਰ ਵੀ ਮਿਲੇਗਾ।


ਇਸ ਮੌਕੇ ਸੰਬੋਧਨ ਕਰਦੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਪੰਜਾਬ ਦੀ ਵਿਗੜ ਰਹੀ ਸਿਹਤ, ਆਬੋ-ਹਵਾ ਅਤੇ ਗੰਦਲੇ ਹੋ ਰਹੇ ਪਾਣੀ ਉਤੇ ਚਿੰਤਾ ਪ੍ਰਗਟ ਕਰਦੇ ਇੰਨਾ ਸਾਧਨਾਂ ਦੀ ਬਹਾਲੀ ਲਈ ਕੰਮ ਕਰ ਰਹੀਆਂ ਸੰਸਥਾਵਾਂ ਤੇ ਵਿਦੇਸ਼ੀ ਵੀਰਾਂ ਦਾ ਧੰਨਵਾਦ ਕਰਦੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕੀਤੀ ਛੋਟੀ ਜਿਹੀ ਕੋਸ਼ਿਸ਼, ਜੋ ਕਿ ਮੁਹੱਲਾ ਕਲੀਨਿਕ ਦੇ ਰੂਪ ਵਿਚ ਹੈ, ਵਿਚ ਬੀਤੇ 7-8 ਮਹੀਨਿਆਂ ਦੌਰਾਨ 40 ਲੱਖ ਲੋਕਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ।


 ਉਨਾਂ ਦੱਸਿਆ ਕਿ 75 ਨਵੇਂ ਆਮਦ ਆਦਮੀ ਕਲੀਨਿਕ ਇਸੇ ਮਹੀਨੇ ਮੁੱਖ ਮੰਤਰੀ ਵੱਲੋਂ ਸ਼ੁਰੂ ਕੀਤੇ ਜਾ ਰਹੇ ਹਨ ਅਤੇ ਇਨਾਂ ਤੋਂ ਬਾਅਦ ਸਾਡੀ ਤਰਜੀਹ ਸਿਵਲ, ਕਮਿੳਨਟੀ ਤੇ ਮੈਡੀਕਲ ਕਾਲਜਾਂ ਦਾ ਸੁਧਾਰ ਕਰਨ ਦੀ ਹੈ, ਜਿਸ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ। ਉਨਾਂ ਲੋਕਾਂ ਨੂੰ ਫੈਕਟਰੀ ਵਿਚ ਤਿਆਰ ਹੁੰਦੇ ਤੇ ਪਲਾਸਟਿਕ ਬੋਤਲਾਂ, ਲਿਫਾਫਿਆਂ ਵਿਚ ਵਿਕਦੇ ਖਾਣੇ ਛੱਡ ਕੇ ਕਿਸਾਨ ਵੱਲੋਂ ਪੈਦਾ ਕੀਤੇ ਤੇ ਕੁਦਰਤ ਵੱਲੋਂ ਬਖਸ਼ੇ ਖਾਣੇ ਖਾਣ ਦਾ ਸੱਦਾ ਦਿੰਦੇ ਕਿਹਾ ਕਿ ਜੋ ਵਿਅਕਤੀ ਕਿਸਾਨ ਵੱਲੋਂ ਉਗਾਏ ਤੇ ਮਾਂ ਵੱਲੋਂ ਬਣਾਏ ਖਾਣੇ ਦੀ ਵਰਤੋਂ ਕਰਦਾ ਹੈ, ਉਹ ਕਦੇ ਬਿਮਾਰ ਨਹੀਂ ਹੋ ਸਕਦਾ।