Punjab News: ਇੱਕ ਵੱਡੀ ਸਫਲਤਾ ਵਿੱਚ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਅੰਤਰਰਾਜੀ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੁਲੀfਸ ਨੇ ਇਸ ਕਾਰਵਾਈ ਵਿੱਚ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 12 ਪਿਸਤੌਲ, 16 ਮੈਗਜ਼ੀਨ ਅਤੇ 23 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਜਾਂਚ ਮੁਤਾਬਕ ਇਸ ਮੋਡਿਊਲ ਨੂੰ ਅਮਰੀਕਾ 'ਚ ਰਹਿਣ ਵਾਲਾ ਦਿਲਪ੍ਰੀਤ ਸਿੰਘ ਚਲਾ ਰਿਹਾ ਸੀ।
ਇਸ ਦਾ ਮਕਸਦ ਵੱਖ-ਵੱਖ ਗਰੋਹਾਂ ਨੂੰ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਨਾ ਸੀ। ਪੁਲਿਸ ਦੀ ਮੁਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਇਹ ਗਿਰੋਹ ਮੱਧ ਪ੍ਰਦੇਸ਼ ਤੋਂ ਹਥਿਆਰ ਲਿਆ ਕੇ ਅੰਮ੍ਰਿਤਸਰ 'ਚ ਵੰਡਣ ਤੋਂ ਬਾਅਦ ਵੱਖ-ਵੱਖ ਗੈਂਗਸਟਰਾਂ ਨੂੰ ਸਪਲਾਈ ਕਰਦਾ ਸੀ। ਇਹ ਮਾਡਿਊਲ ਇੱਕ ਸੰਗਠਿਤ ਤਰੀਕੇ ਨਾਲ ਕੰਮ ਕਰ ਰਿਹਾ ਸੀ, ਜਿਸ ਵਿੱਚ ਨਾ ਸਿਰਫ਼ ਗੈਂਗਾਂ ਨੂੰ ਹਥਿਆਰਾਂ ਦੀ ਸਪਲਾਈ ਕੀਤੀ ਜਾਂਦੀ ਸੀ ਬਲਕਿ ਹੋਰ ਕਿਸਮ ਦੀ ਮਦਦ ਵੀ ਦਿੱਤੀ ਜਾਂਦੀ ਸੀ।
ਇਨ੍ਹਾਂ 7 ਗਰੋਹ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਨੇ ਇਨ੍ਹਾਂ ਦੇ ਨੈੱਟਵਰਕ ਦਾ ਬਾਰੀਕੀ ਨਾਲ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ ਹੈ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਮਾਡਿਊਲ ਵਿਚ ਹੋਰ ਕੌਣ-ਕੌਣ ਸ਼ਾਮਲ ਹੈ ਅਤੇ ਇਹ ਲੋਕ ਕਿਸ ਗੈਂਗ ਨੂੰ ਹਥਿਆਰ ਸਪਲਾਈ ਕਰ ਰਹੇ ਸਨ। ਪੁਲਿਸ ਨੇ ਦੱਸਿਆ ਕਿ ਇਸ ਗਿਰੋਹ ਦੇ ਕੁਝ ਹੋਰ ਮੈਂਬਰਾਂ ਅਤੇ ਸੰਪਰਕਾਂ ਦੀ ਵੀ ਭਾਲ ਕੀਤੀ ਜਾ ਰਹੀ ਹੈ ਜੋ ਤਸਕਰੀ ਵਿੱਚ ਮਦਦ ਕਰ ਸਕਦੇ ਹਨ।
ਇਸ ਮਾਮਲੇ ਵਿੱਚ ਇਸਲਾਮਾਬਾਦ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਪੁਲਿਸ ਨੇ ਕਿਹਾ ਕਿ ਇਹ ਇੱਕ ਵਿਆਪਕ ਅਤੇ ਸਟੀਕ ਯੋਜਨਾ ਦਾ ਹਿੱਸਾ ਹੈ, ਜਿਸ ਦੇ ਤਹਿਤ ਪੂਰੇ ਨੈੱਟਵਰਕ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ਪੁਲਿਸ ਦੀ ਟੀਮ ਇਸ ਨੈੱਟਵਰਕ ਦੇ ਸਾਰੇ ਸੰਭਾਵੀ ਲਿੰਕਾਂ ਅਤੇ ਇਸ ਦੇ ਪਿੱਛੇ ਦੇ ਮਾਸਟਰਮਾਈਂਡ ਦਾ ਪਤਾ ਲਗਾਉਣ 'ਚ ਲੱਗੀ ਹੋਈ ਹੈ।